ਪਾਇਲ, 19 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 22 ਤੋਂ 25 ਨਵੰਬਰ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਕਰਵਾਇਆ ਜਾ ਰਿਹਾ ਹੈ | ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ 4 ਦਿਨਾਂ ਪੁਸਤਕ ਮੇਲੇ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਵਿਭਿੰਨ ਸਾਹਿਤਕ ਸਰਗਰਮੀਆਂ ਉਲੀਕੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ 22 ਨਵੰਬਰ ਨੂੰ 'ਸੁਪਨਾ ਸੂਰਜ ਦਾ' (ਗਾਥਾ-ਏ-ਹਨੇਰ ਨਗਰੀ) ਮਾਨਵਤਾ ਕਲਾ ਮੰਚ ਨਗਰ, ਲੇਖਕਾ ਕੁਲਵੰਤ ਕੌਰ ਨਗਰ, ਨਿਰਦੇਸ਼ਕ ਜਸਵਿੰਦਰ ਪੱਪੀ, 23 ਨਵੰਬਰ ਨੂੰ ਨਾਟਕ 'ਇੱਕ ਸੀ ਜਲਪਰੀ' ਨਿਰਦੇਸ਼ਕ ਰਾਜਵਿੰਦਰ ਸਮਰਾਲਾ, ਲੇਖਕ ਰਾਜਵਿੰਦਰ ਸਮਰਾਲਾ, ਅਕਸ ਰੰਗਮੰਚ ਸਮਰਾਲਾ, 24 ਨਵੰਬਰ ਨੂੰ ਨਾਟਕ 'ਘਰ ਘਰ', ਲੇਖਕ ਪਾਲੀ ਭੁਪਿੰਦਰ ਸਿੰਘ, ਨਿਰਦੇਸ਼ਕ ਰਾਜਿੰਦਰ ਰਾਜ, ਸੱਤਿਆ ਗਰੁੱਪ ਆਫ਼ ਥੀਏਟਰ, ਲੁਧਿਆਣਾ, 25 ਨਵੰਬਰ ਨੂੰ ਨਾਟਕ 'ਜੀ ਆਇਆਂ ਨੂੰ' ਲੇਖਕ ਭੁਪਿੰਦਰ ਉਤਰੇਜਾ, ਨਿਰਦੇਸ਼ਕ ਹਨੀ ਉਤਰੇਜਾ, ਨਟਰੰਗ ਰਜਿ. ਅਬੋਹਰ ਗਰੁੱਪਾਂ ਵਲੋਂ ਨਾਟ-ਮੰਚਨ ਕਰਵਾਏ ਜਾਣੇ ਹਨ | ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ 22 ਨਵੰਬਰ ਨੂੰ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਧਰਮਵੀਰ ਗਾਂਧੀ, ਮੈਂਬਰ ਲੋਕ ਸਭਾ ਕਰਨਗੇ |