ਮਲੌਦ, 17 ਨਵੰਬਰ (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸ਼ਰਧਾ, ਸਤਿਕਾਰਤ ਭਾਵਨਾਵਾਂ ਨਾਲ ਮਨਾਇਆ ਗਿਆ | ਪੂਰੇ ਸਕੂਲ ਪਰਿਵਾਰ ਨੇ ਮਿਲ ਜੁੱਲ ਕੇ ਗੁਰੂ ਸਾਹਿਬ ਦੇ ਅਦਭੁਤ ਬਲੀਦਾਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਚਾਈ, ਧੀਰਜ, ਨਿਮਰਤਾ ਅਤੇ ਮਨੁੱਖਤਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ | ਪ੍ਰੋਗਰਾਮ ਦੇ ਸ਼ੁਰੂਆਤ ਬੱਚਿਆਂ ਵਲੋਂ ਸ਼ੁੱਧ ਗੁਰਬਾਣੀ ਸ਼ਬਦ ਗਾਇਨ ਨਾਲ ਹੋਈ | ਸਕੂਲੀ ਬੱਚਿਆਂ ਨੇ ਰੂਹਾਨੀ ਰੰਗਾਂ ਨਾਲ ਭਰਪੂਰ ਕਵੀਸ਼ਰੀ ਪੇਸ਼ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰ. ਸੰਜੀਵ ਸ਼ਰਮਾ ਮੋਦਗਿਲ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਦੀ ਸਭ ਤੋਂ ਵੱਡੀਆਂ ਕੁਰਬਾਨੀਆਂ ਵਿਚੋਂ ਇਕ ਹੈ | ਸਮਾਗਮ ਦੌਰਾਨ ਗੁਰਜੋਤ ਸਿੰਘ ਐਮ. ਡੀ. ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਮੌਕੇ ਪਰਮਿੰਦਰ ਸਿੰਘ, ਮਾ. ਕਰਨੈਲ ਸਿੰਘ, ਡਾ. ਕਰਨੈਲ ਸਿੰਘ ਕਾਲੀਆ, ਤੇਜਿੰਦਰ ਸਿੰਘ ਪੰਮਾ ਤੋਂ ਇਲਾਵਾ ਹੋਰ ਪਤਵੰਤੇ ਪੁੱਜੇ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਗੁਰੂ ਸਾਹਿਬ ਦੀ ਜੀਵਨ ਬਾਰੇ ਸੂਝ ਨਾਲ ਸਮਝ ਕੇ ਆਪਣੇ ਵਿਹਾਰ, ਸੋਚ ਅਤੇ ਜੀਵਨ ਵਿੱਚ ਬਦਲਾਅ ਲਿਆਉਣ | ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅਰਦਾਸ ਕਰਕੇ ਮਨੁੱਖਤਾ, ਪ੍ਰੇਮ ਅਤੇ ਸੱਚ ਦੀ ਰਾਹ 'ਤੇ ਤੁਰਨ ਦਾ ਵਚਨ ਲਿਆ |