14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐਡਵੋਕੇਟ ਹਰਮਨਦੀਪ ਸਿੰਘ ਸੰਧੂ 'ਤੇ ਪਰਚਾ ਦਰਜ ਕਰਨ 'ਤੇ ਬਾਰ ਐਸੋਸੀਏਸ਼ਨ ਵਲੋਂ ਧਰਨਾ

ਅਜੀਤ ਡੈਸਕ 04-11-2025
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਪਿੰਡ ਚੱਕ ਜਵਾਹਰੇਵਾਲਾ ਦੀ ਅਨਾਜ ਮੰਡੀ 'ਚ ਹੋਏ ਝਗੜੇ ਨੂੰ ਲੈ ਕੇ ਐਡਵੋਕੇਟ ਹਰਮਨਦੀਪ ਸਿੰਘ ਸੰਧੂ 'ਤੇ ਪਰਚਾ ਦਰਜ ਕਰਨ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਧਰਨਾ ਦਿੱਤਾ ਗਿਆ | ਸਵੇਰ ਤੋਂ ਹੀ ਵਕੀਲਾਂ ਵਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਇਕੱਠੇ ਹੋ ਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਵਾਲੀ ਜਗ੍ਹਾ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਲੋਂ ਰੋਕਿਆ ਗਿਆ | ਕਾਫੀ ਜੱਦੋ ਜਹਿਦ ਅਤੇ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਵਕੀਲ ਕੋਟਕਪੂਰਾ ਰੋਡ ਤੇ ਕਾਲਜ ਦੇ ਨੇੜੇ ਸੂਏ ਦੇ ਪੁੱਲ 'ਤੇ ਪਹੁੰਚਣ ਵਿਚ ਕਾਮਯਾਬ ਹੋ ਗਏ ਤੇ ਪੁਲਿਸ ਵਲੋਂ ਅੱਗੇ ਵਧਣ ਤੋਂ ਰੋਕਣ ਲਈ ਵਾਟਰ ਕੈਨਨ ਦੀਆਂ ਗੱਡੀਆਂ ਲਾਉਣ ਤੋਂ ਇਲਾਵਾ ਪੂਰੀ ਤਰ੍ਹਾਂ ਇਲਾਕੇ ਨੂੰ ਬੈਰੀਗੇਟ ਲਗਾ ਦਿੱਤੇ | ਜਿਸ ਕਰਕੇ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ 'ਤੇ ਆਵਾਜਾਈ ਠੱਪ ਹੋ ਗਈ ਤੇ ਸਾਰੀਆਂ ਗੱਡੀਆਂ ਬਾਹਰਲੇ ਬਾਈਪਾਸ ਪਿੰਡ ਸੰਗੂਧੌਣ ਤੋਂ ਹੋ ਕੇ ਕੋਟਕਪੂਰਾ ਨੂੰ ਜਾਂਦੀਆਂ ਰਹੀਆਂ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਈ ਵਾਰ ਵਕੀਲਾਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਵਕੀਲਾਂ ਵਲੋਂ ਪੁਲਿਸ 'ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਹਰਮਨਦੀਪ ਸਿੰਘ 'ਤੇ ਕੀਤਾ ਪਰਚਾ ਰੱਦ ਕੀਤਾ ਜਾਵੇ | ਅਖੀਰ 11 ਮੈਂਬਰੀ ਕਮੇਟੀ ਨੂੰ ਮੁੱਖ ਮੰਤਰੀ ਨੂੰ ਮਿਲਾਉਣ ਦਾ ਵਾਅਦਾ ਕੀਤਾ ਗਿਆ ਤੇ ਕਮੇਟੀ ਮੈਂਬਰਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਗਵਰਮਿੰਟ ਕਾਲਜ ਵਿਖੇ ਲੈ ਕੇ ਗਏ | ਇਸ ਮਗਰੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਭੁਪਿੰਦਰ ਸਿੰਘ ਚੜੇਵਾਨ ਨੇ ਕਿਹਾ ਕਿ ਮੁੱਖ ਮੰਤਰੀ ਆਪ ਇਸ ਕਮੇਟੀ ਨੂੰ ਨਹੀਂ ਮਿਲਿਆ ਤੇ ਉਨ੍ਹਾਂ ਦੇ ਪ੍ਰਤੀਨਿਧ ਨਾਲ ਗੱਲ ਹੋਈ ਹੈ | ਇਸ ਸਮੇਂ ਸਾਡਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਕੈਂਪਸ ਵਿਚ ਬੈਠਾ ਹੈ ਤੇ ਅਜੇ ਤੱਕ ਮਸਲਾ ਸੁਲਝਿਆ ਨਹੀਂ ਹੈ | ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਇਸ ਮਸਲੇ ਨੂੰ ਲੈ ਕੇ ਵਕੀਲ 3 ਅਤੇ 4 ਨਵੰਬਰ ਨੂੰ ਹੜਤਾਲ 'ਤੇ ਰਹਿਣਗੇ | ਇਸ ਮੌਕੇ ਪ੍ਰਧਾਨ ਧਲਵੰਤ ਸਿੰਘ ਉੱਪਲ, ਐਡਵੋਕੇਟ ਵਿਕਰਮਜੀਤ ਸਿੰਘ ਗਿੱਲ ਬਰਕੰਦੀ, ਐਡਵੋਕੇਟ ਸੰਜੀਵ ਗੁਪਤਾ, ਐਡਵੋਕੇਟ ਸੁਖਮੰਦਰ ਸਿੰਘ ਬਰਾੜ ਅਤੇ ਹੋਰ ਬੁਲਾਰਿਆਂ ਵਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ | ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਵਤੀਰੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਜੇਕਰ ਵਕੀਲਾਂ ਨਾਲ ਹੀ ਪੁਲਿਸ ਅਜਿਹਾ ਵਤੀਰਾ ਕਰ ਰਹੀ ਹੈ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ | ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ ਪੰਜਾਬ ਪੱਧਰ ਦੇ ਵਕੀਲ ਹੜਤਾਲ 'ਤੇ ਜਾ ਸਕਦੇ ਹਨ | ਦੂਜੇ ਪਾਸੇ ਐਸ.ਪੀ.ਡੀ ਮਨਮੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਨਾਜ ਮੰਡੀ ਪਿੰਡ ਜਵਾਹਰੇਵਾਲਾ ਵਿਖੇ ਹੋਏ ਝਗੜੇ ਦੇ ਸਬੰਧ ਵਿਚ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਵੇਗੀ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਅਤੇ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ... ਅਗਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ 'ਤੇ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।