ਬਠਿੰਡਾ, 21 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਸ਼ਮੀਰ ਦੇ ਲੋਕਾਂ ਨੇ ਪਿੰਡ ਦੀ ਨਗਰ ਪੰਚਾਇਤ ਨੂੰ ਤੋੜ ਕੇ ਮੁੜ ਗ੍ਰਾਮ ਪੰਚਾਇਤ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ ਤੇ ਪਿੰਡ ਦੇ ਲੋਕਾਂ ਵਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਤੋਂ ਇਲਾਵਾ ਪਿੰਡ ਵਾਸੀਆਂ ਵਲੋਂ ਪਿਛਲੇ 10 ਦਿਨਾਂ ਤੋਂ ਨਗਰ ਪੰਚਾਇਤ ਦੇ ਦਫ਼ਤਰ ਵਿਖੇ ਹਰ ਰੋਜ਼ ਦੋ ਘੰਟੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਜਦਕਿ ਰੋਸ ਵਜੋਂ ਨਗਰ ਪੰਚਾਇਤ ਦਾ ਕੌਂਸਲਰ ਚਾਨਣ ਸਿੰਘ ਸਿੱਧੂ ਅਸਤੀਫ਼ਾ ਵੀ ਦੇ ਚੁੱਕਿਆ ਹੈ, ਪਰ ਅਜੇ ਤੱਕ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਾਰ ਨਹੀਂ ਲਈ | ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਣ ਉਪਰੰਤ ਪਿੰਡ ਕੋਟਸ਼ਮੀਰ ਦੇ ਵਸਨੀਕ ਜੱਗਾ ਸਿੰਘ ਖ਼ਾਲਸਾ, ਪ੍ਰਮਜੀਤ ਸਿੰਘ ਪੰਮਾ, ਹਰਪ੍ਰੀਤ ਸਿੰਘ, ਡਾ. ਮਨਜੀਤ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਾ ਹੋਣ ਦੇ ਬਾਵਜੂਦ ਸਾਲ 2015 'ਚ ਉਨ੍ਹਾਂ ਦੇ ਪਿੰਡ ਨੂੰ ਸਿਆਸੀ ਦਬਾਓ ਹੇਠਾਂ ਗ੍ਰਾਮ ਪੰਚਾਇਤ ਤੋਂ ਨਗਰ ਪੰਚਾਇਤ 'ਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਦਾ ਹੁਣ ਪਿੰਡ ਦੇ ਲੋਕਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਬਣਨ ਬਾਅਦ ਪਿੰਡ ਦੇ ਲੋਕਾਂ ਨੂੰ ਪੇਂਡੂ ਖੇਤਰ ਵਾਲੀਆਂ ਮਿਲਦੀਆਂ ਸਹੂਲਤਾਂ ਠੱਪ ਹੋ ਗਈਆਂ ਹਨ ਤੇ ਬੱਚਿਆਂ ਨੂੰ ਉੱਚ-ਵਿੱਦਿਆ ਲਈ ਬਾਹਰੀ ਸਕੂਲਾਂ-ਕਾਲਜਾਂ 'ਚ ਦਾਖਲਾ ਲੈਣ ਸਮੇਂ ਮਿਲਣ ਵਾਲਾ ਪੇਂਡੂ ਕੋਟੇ ਦਾ ਲਾਭ ਅਤੇ ਮਜ਼ਦੂਰਾਂ ਨੂੰ ਨਰੇਗਾ ਸਕੀਮ ਤਹਿਤ ਮਿਲਣ ਵਾਲਾ ਕੰਮ ਬੰਦ ਹੋ ਗਿਆ | ਸਗੋਂ ਹੁਣ ਪਿੰਡ 'ਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਵਗ਼ੈਰਾ ਕਰਨ ਸਮੇਂ ਉਨ੍ਹਾਂ ਨੂੰ ਨਗਰ ਪੰਚਾਇਤ ਨੇ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ ਤੇ ਉਨ੍ਹਾਂ 'ਤੇ ਬੇਲੋੜੇ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ, ਜਦਕਿ ਉਨ੍ਹਾਂ ਦਾ 90 ਫ਼ੀਸਦੀ ਪਿੰਡ ਖੇਤੀਬਾੜੀ ਤੇ ਖੇਤੀਬਾੜੀ ਨਾਲ ਜੁੜੇ ਛੋਟੇ ਕਾਰੋਬਾਰ 'ਤੇ ਨਿਰਭਰ ਹੈ, ਜਿੰਨਾਂ ਦੀ ਆਮਦਨ ਉਕਤ ਟੈਕਸਾਂ ਦਾ ਬੋਝ ਝੱਲਣ ਵਾਲੀ ਨਹੀਂ | ਇਸ ਲਈ ਉਨ੍ਹਾਂ ਦੇ ਪਿੰਡ ਦੀ ਨਗਰ ਪੰਚਾਇਤ ਨੂੰ ਭੰਗ ਕਰਕੇ ਪਿੰਡ ਨੂੰ ਮੁੜ ਗ੍ਰਾਮ ਪੰਚਾਇਤ ਬਣਾਇਆ ਜਾਵੇ ਤੇ ਪਿੰਡ 'ਚ ਸਰਪੰਚ ਤੇ ਪੰਚਾਂ ਦੀ ਚੋਣ ਕਰਵਾਈ ਜਾਵੇ, ਨਹੀਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ ਕਰਨਗੇ |