ਫ਼ਿਰੋਜ਼ਪੁਰ, 3 ਦਸੰਬਰ(ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫਿਰੋਜ਼ਪੁਰ ਦੇ ਈਕੋ ਕਲੱਬ ਨੇ ਕਪੈਸਟੀ ਬਿਲਡਿੰਗ ਪ੍ਰੋਗਰਾਮ ਤਹਿਤ ਫੈਕਲਟੀ ਫ਼ਾਰ ਗਰੀਨਰ ਟੁਮਾਰੋ ਐਕਸਪਲੋਰਿੰਗ ਸਸਟੀਨੇਬਲ ਸਲਿਊਸ਼ਨ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ | ਇਸ ਸੈਮੀਨਾਰ ਵਿਚ ਮੁੱਖ ਵਕਤਾ ਦੇ ਤੌਰ 'ਤੇ ਸ੍ਰੀਮਤੀ ਵਰਿੰਦਰ ਮੱਕੜ ਅਸਿਸਟੈਂਟ ਪ੍ਰੋਫੈਸਰ, ਫ਼ਰੀਦਕੋਟ ਨੇ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਮੁੱਖ ਵਕਤਾ ਸ੍ਰੀਮਤੀ ਵਰਿੰਦਰ ਮੱਕੜ ਦਾ ਕਾਲਜ ਦੇ ਵਿਹੜੇ 'ਚ ਪਹੁੰਚਣ 'ਤੇ ਫੁਲਕਾਰੀ ਤੇ ਪਲਾਂਟਰ ਭੇਟ ਕਰਦਿਆਂ ਨਿੱਘਾ ਸਵਾਗਤ ਕੀਤਾ | ਪਿ੍ੰਸੀਪਲ ਡਾ. ਸੰਗੀਤਾ ਨੇ ਵਾਤਾਵਰਨ ਸਬੰਧੀ ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ, ਵਾਤਾਵਰਨ ਦੀ ਸੰਭਾਲ ਹੀ ਸਾਨੂੰ ਚੰਗਾ ਜੀਵਨ ਬਖ਼ਸ਼ੇਗੀ | ਵਾਤਾਵਰਨ ਜ਼ਹਿਰੀਲਾ ਹੋਵੇਗਾ ਤਾਂ ਸਾਡਾ ਰਹਿਣ-ਸਹਿਣ ਖਾਣ-ਪੀਣ ਵੀ ਪ੍ਰਭਾਵਿਤ ਹੋਵੇਗਾ | ਸਾਨੂੰ ਵਾਤਾਵਰਨ ਸਬੰਧੀ ਸੁਚੱਜੇ ਕਾਰਜ ਕਰਨੇ ਚਾਹੀਦੇ ਹਨ | ਸੈਮੀਨਾਰ ਦੇ ਮੁੱਖ ਵਕਤਾ ਮੈਡਮ ਵਰਿੰਦਰ ਮੱਕੜ ਨੇ ਕਿਹਾ ਕਿ ਅਸੀਂ ਜਿਸ ਵਾਤਾਵਰਨ ਵਿਚ ਜੀਅ ਰਹੇ ਹਾਂ ਉਹ ਅੱਜ ਜ਼ਹਿਰੀਲਾ ਹੋ ਚੁੱਕਾ ਹੈ, ਸਾਨੂੰ ਇਸ ਦੀ ਸੰਭਾਲ ਲਈ ਉਚੇਰੇ ਉਪਰਾਲੇ ਕਰਨੇ ਪੈਣਗੇ | ਉਨ੍ਹਾਂ ਕਿਹਾ ਕਿ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਤਾਂ ਪਤਾ ਹੈ ਕਿ ਕਿਵੇਂ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਪਰ ਇਕ ਚਿੰਤਕ/ਸਿੱਖਿਅਕ ਦੇ ਤੌਰ 'ਤੇ ਸਾਨੂੰ ਕੁਝ ਨਿਯਮ ਤੈਅ ਕਰਨੇ ਪੈਣਗੇ ਕਿ ਅਜਿਹੀਆਂ ਲਾਪਰਵਾਹੀਆਂ ਨੂੰ ਕਿਵੇਂ ਰੋਕਿਆ ਜਾਵੇ? ਸਾਨੂੰ ਡਿਜੀਟਾਈਜੇਸ਼ਨ ਵੱਲ ਵਧਣਾ ਪਵੇਗਾ, ਪੇਪਰ ਵਰਕ ਘਟਾ ਕੇ ਇਲੈਕਟੋ੍ਰਨਿਕ ਰਿਕਾਰਡ ਰੱਖਣ ਵੱਲ ਧਿਆਨ ਦੇਣਾ ਪਵੇਗਾ | ਉਨ੍ਹਾਂ ਕਿਹਾ ਕਿ ਕਾਲਜ ਨੂੰ 'ਫ਼ਰੀ ਪੋਲੀਥੀਨ ਜ਼ੋਨ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ | ਸਿੰਗਲ ਯੂਜ਼ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਵਾਤਾਵਰਨ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ | ਕਾਲਜ ਵਿਚ ਇਕ 'ਮੈਡੀਸਨਲ ਪਲਾਂਟ' ਬਣਾਇਆ ਜਾ ਸਕਦਾ ਹੈ ਅਤੇ ਸਭ ਨੂੰ ਇਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ | ਕਾਲਜ ਪਿ੍ੰਸੀਪਲ ਨੇ ਪ੍ਰੋਗਰਾਮ ਦੇ ਸਫਲ ਆਯੋਜਨ 'ਤੇ ਮੰਚ ਸੰਚਾਲਕ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮੇਕਸ਼ੀ ਇੰਚਾਰਜ ਈਕੋ ਕਲੱਬ ਅਤੇ ਮੁਖੀ ਪੋਸਟ ਗ੍ਰੈਜੂਏਟ ਵਿਭਾਗ ਜੁਆਲੋਜੀ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ |