ਫ਼ਿਰੋਜ਼ਪੁਰ, 18 ਨਵੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ 92ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਕਾਲਜ ਦੇ ਵਿਹੜੇ ਵਿਸ਼ੇਸ਼ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਕਾਲਜ ਦੇ ਖੇਡ ਵਿਭਾਗ ਨੇ ਵਿਦਿਆਰਥਣਾਂ ਲਈ ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ, ਜਿਸ ਵਿਚ ਕੁੱਲ 65 ਵਿਦਿਆਰਥਣਾਂ ਨੇ ਬੈਡਮਿੰਟਨ ਦੀਆਂ ਚਾਰ ਸ਼੍ਰੇਣੀਆਂ-ਅੰਡਰ-14, ਅੰਡਰ-17, ਅੰਡਰ-21 ਅਤੇ ਅੰਡਰ-24-ਅਤੇ ਟੇਬਲ ਟੈਨਿਸ ਦੀਆਂ ਦੋ ਸ਼੍ਰੇਣੀਆਂ-ਸਕੂਲ ਅਤੇ ਕਾਲਜ ਆਦਿ ਵਿਚ ਭਾਗ ਲਿਆ | ਇਸ ਮੌਕੇ ਅਵਤਾਰ ਸਿੰਘ ਸਕੱਤਰ ਜ਼ਿਲ੍ਹਾ ਤਇਕਵਾਂਡੋ ਐਸੋਸੀਏਸ਼ਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਦੇਵ ਸਮਾਜ ਕਾਲਜ ਸ਼ਹਿਰ ਦੇ ਪ੍ਰਮੁੱਖ ਕਾਲਜਾਂ ਵਿਚੋਂ ਇਕ ਹੈ ਜੋ ਹਮੇਸ਼ਾ ਵਿਦਿਆਰਥਣਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ | ਉਨ੍ਹਾਂ ਖੇਡਾਂ ਦੇ ਵਿਕਾਸ ਲਈ ਵਿਦਿਆਰਥਣਾਂ ਨੂੰ 11,000 ਰੁਪਏ ਦੇਣ ਦੀ ਘੋਸ਼ਣਾ ਕੀਤੀ | ਇਸ ਉਪਰੰਤ ਐਡਵੋਕੇਟ ਅਜੇ ਬੱਤਾ, ਜੁਆਇੰਟ ਸਕੱਤਰ ਅਤੇ ਪਿ੍ੰਸੀਪਲ ਡਾ. ਸੰਗੀਤਾ ਨੇ ਜੇਤੂ ਵਿਦਿਆਰਥਣਾਂ ਨੂੰ 2100 ਰੁਪਏ ਅਤੇ ਰਨਰ-ਅੱਪਸ ਨੂੰ 1100 ਰੁਪਏ ਪ੍ਰਦਾਨ ਕੀਤੇ | ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ ਦੇਵ ਸਮਾਜ ਦੇ ਸੋਲਾਂ ਸੰਬੰਧ ਵਿਸ਼ੇ 'ਤੇ ਪੋਸਟਰ ਮੇਕਿੰਗ ਅਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਇਸੇ ਲੜੀ ਤਹਿਤ 'ਮਨੁੱਖਤਾਵਾਦੀ ਮੁੱਲਾਂ ਅਤੇ ਵਿਗਿਆਨਕ ਦਿ੍ਸ਼ਟੀਕੋਣ ਰਾਹੀਂ ਮਹਿਲਾ ਸ਼ਕਤੀਕਰਨ ਆਦਰਣੀਯ ਨਿਰਮਲ ਸਿੰਘ ਢਿੱਲੋਂ ਦੀ ਦਿ੍ਸ਼ਟੀ' ਵਿਸ਼ੇ 'ਤੇ ਪਾਵਰ ਪੁਆਇੰਟ ਪ੍ਰਸਤੁਤੀ ਪ੍ਰਤੀਯੋਗਤਾ ਕਾਲਜ ਪਿ੍ੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿਚ ਵਿਦਿਆਰਥਣਾਂ ਵਲੋਂ ਆਪਣੇ ਅਕਾਦਮਿਕ ਅਤੇ ਨਿੱਜੀ ਜੀਵਨ ਵਿਚ ਦੇਵ ਸਮਾਜ ਦੇ ਆਦਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਪ੍ਰਤੀਯੋਗਤਾ ਦਾ ਸੰਚਾਲਨ ਡਾ. ਹਰਲੀਨ ਕੌਰ ਅਤੇ ਡਾ. ਮੋਕਸ਼ੀ ਵਲੋਂ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਿਭਾਗਾਂ ਦੀਆਂ ਤਕਰੀਬਨ 60 ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਪੇਸ਼ਕਾਰੀਆਂ ਸਾਂਝੀਆਂ ਕੀਤੀਆਂ | ਇਨ੍ਹਾਂ ਪੇਸ਼ਕਾਰੀਆਂ ਵਿਚ ਪਹਿਲਾ ਸਥਾਨ ਕੁਲਵਿੰਦਰ ਕੌਰ, ਦੂਜਾ ਸਥਾਨ ਅਰਵਿੰਦਰ ਕੌਰ ਅਤੇ ਤੀਜਾ ਸਥਾਨ ਭੂਮਿਕਾ 'ਤੇ ਗੁਰਲੀਨ ਕੌਰ ਨੇ ਪ੍ਰਾਪਤ ਕੀਤਾ ਅਤੇ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਗਏ |