ਫ਼ਿਰੋਜ਼ਪੁਰ, 18 ਨਵੰਬਰ (ਰਾਕੇਸ਼ ਚਾਵਲਾ, ਸੁਖਵਿੰਦਰ ਸਿੰਘ)-ਆਰ.ਐੱਸ.ਐੱਸ ਆਗੂ ਦੀਨਾ ਨਾਥ ਦੇ ਪੋਤਰੇ ਅਤੇ ਬਲਦੇਵ ਕਿ੍ਸ਼ਨ ਦੇ ਪੁੱਤਰ ਨਵੀਨ ਅਰੋੜਾ ਦੀ ਬੀਤੇ ਸ਼ਨੀਵਾਰ ਦੇਰ ਸ਼ਾਮ ਹੋਈ ਹੱਤਿਆ ਤੋਂ ਬਾਅਦ ਮਰਹੂਮ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਸ਼ਰਧਾਂਜਲੀ ਸਮਾਗਮ ਅੱਜ ਕਰਵਾਇਆ ਗਿਆ ਜਿਸ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਸ਼ਹਿਰ ਵਾਸੀ, ਭਾਜਪਾ ਆਗੂ,ਆਰ ਐੱਸ ਐੱਸ ਆਗੂ ਅਤੇ ਸੂਬੇ ਦੀਆਂ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਸ਼ਾਮਲ ਹੋਈਆਂ | ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਸਾਬਕਾ ਸੂਚਨਾ ਕਮਿਸ਼ਨਰ ਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਹੀਰਾ ਸੋਢੀ, ਆਰ.ਐੱਸ.ਐੱਸ ਆਗੂ ਰਾਮੇਸ਼ਵਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਮਰਹੂਮ ਨਵੀਨ ਅਰੋੜਾ ਨੂੰ ਨਮ ਅੱਖਾਂ ਨਾਲ ਸ਼ਰਧਾ ਦੇ ਭੁੱਲ ਭੇਟ ਕਰਦੇ ਹੋਏ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਕੋਸਿਆ | ਬੁਲਾਰਿਆਂ ਨੇ ਕਿਹਾ ਕਿ ਆਰ ਐੱਸ ਐੱਸ ਨਾਲ ਜੁੜੇ ਇਸ ਸ਼ਰੀਫ਼ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਨਵੀਨ ਅਰੋੜਾ ਨੇ ਕਿਸੇ ਨਾਲ ਉੱਚੀ ਆਵਾਜ਼ ਵਿਚ ਕਦੀ ਗਲ ਕੀਤੀ ਸੀ | ਸ਼ਰਧਾਂਜਲੀ ਦੇਣ ਆਏ ਬੁਲਾਰਿਆਂ ਨੇ ਦੋਸ਼ੀਆਂ ਨੂੰ ਛੇਤੀ ਫੜ ਕੇ ਸਜਾ ਦਿਵਾਉਣ ਅਤੇ ਪਰਿਵਾਰਕ ਮੈਂਬਰ ਵਾਸਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ | ਇੱਥੇ ਦੱਸਣਾ ਬਣਦਾ ਹੈ ਕਿ ਨੌਕਰੀ ਦੀ ਮੰਗ 'ਤੇ ਪੰਜਾਬ ਪ੍ਰਧਾਨ ਭਾਜਪਾ ਸੁਨੀਲ ਜਾਖੜ ਨੇ ਕਿਹਾ ਕਿ ਸਾਨੂੰ ਨੌਕਰੀ ਨਹੀਂ ਇਨਸਾਫ਼ ਦੀ ਲੋੜ ਹੈ ਅਤੇ ਪੂਰੀ ਭਾਜਪਾ ਇਸ ਪਰਿਵਾਰ ਦੇ ਨਾਲ ਹਰ ਸਮੇਂ ਖੜੀ ਹੈ | ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਸ਼ਹਿਰ ਦੇ ਮੋਚੀ ਬਾਜ਼ਾਰ ਨੇੜੇ 15 ਨਵੰਬਰ ਨੂੰ ਦੇਰ ਸ਼ਾਮ ਨਵੀਨ ਅਰੋੜਾ ਨੂੰ ਦੋ ਲੜਕਿਆਂ ਨੇ ਗੋਲੀ ਮਾਰ ਹੱਤਿਆ ਕੀਤੀ ਸੀ |