ਗੁਰੂਹਰਸਹਾਏ, 18 ਨਵੰਬਰ (ਕਪਿਲ ਕੰਧਾਰੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਗੁਰੂਹਰਸਹਾਏ ਪੁਲਿਸ ਵਲੋਂ ਇਲਾਕੇ ਵਿਚ ਨਸ਼ੇ ਦਾ ਖ਼ਾਤਮਾ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਉਸੇ ਦੇ ਤਹਿਤ ਸਬ ਡਵੀਜ਼ਨ ਗੁਰੂਹਰਸਹਾਏ ਦੇ ਡੀ.ਐੱਸ.ਪੀ ਰਾਜਬੀਰ ਸਿੰਘ, ਥਾਣਾ ਮੁਖੀ ਗੁਰਜੰਟ ਸਿੰਘ ਵਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਨਸ਼ਾ ਸਮਗਲਰਾਂ ਦੇ ਟਿਕਾਣਿਆਂ ਅਤੇ ਨਸ਼ਾ ਕਰਨ ਵਾਲਿਆਂ ਨਸ਼ੇੜੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਗੁਰੂਹਰਸਹਾਏ ਪਿੰਡ ਵਿਚ ਬਣੇ ਕਬਰਸਤਾਨ ਵਿਚ ਬੈਠ ਕੇ ਕਈ ਨਸ਼ੇੜੀਆਂ ਵਲੋਂ ਨਸ਼ਾ ਕੀਤਾ ਜਾਂਦਾ ਹੈ | ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਵਲੋਂ ਰੇਡ ਕੀਤੀ ਗਈ ਅਤੇ ਇਸ ਜਗ੍ਹਾ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਤੋਂ ਉਨ੍ਹਾਂ ਨੂੰ ਕੋਈ ਵੀ ਵਿਅਕਤੀ ਨਹੀਂ ਮਿਲਿਆ, ਪਰੰਤੂ ਉਨ੍ਹਾਂ ਕਿਹਾ ਕਿ ਉਹ ਗੁਰੂਹਰਸਹਾਏ ਹਲਕੇ ਵਿਚ ਨਸ਼ੇ ਦਾ ਪੂਰੀ ਤਰਾ ਖ਼ਾਤਮਾ ਕਰ ਦੇਣਗੇ ਅਤੇ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਪਾਇਆ ਗਿਆ ਜਾ ਕੋਈ ਵੀ ਨਸ਼ਾ ਸਮਗਲਰ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਨਸ਼ਾ ਛਡਾਉਣ ਲਈ ਪੂਰੀ ਮਦਦ ਕਰਨਗੇ | ਇਸ ਮੌਕੇ ਮਨਜੀਤ ਸਿੰਘ, ਮਨਦੀਪ ਕੁਮਾਰ | ਨਵਜੋਤ ਕੁਮਾਰ ਆਦਿ ਹਾਜ਼ਰ ਸਨ |