ਫ਼ਿਰੋਜ਼ਪੁਰ, 6 ਨਵੰਬਰ (ਸੁਖਵਿੰਦਰ ਸਿੰਘ/ਗੁਰਿੰਦਰ ਸਿੰਘ)-ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਮਾਣਯੋਗ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਦੇ ਨਿਰਦੇਸ਼ਾਂ 'ਤੇ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਦੀ ਅਗਵਾਈ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ | ਕੈਂਪਸ ਪੀ.ਆਰ.ਓ ਯਸ਼ਪਾਲ ਨੇ ਦੱਸਿਆ ਕਿ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਭਾਈ ਜਤਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਜ਼ਾਮਨੀ ਸਾਹਿਬ ਦੇ ਰਾਗੀ ਜਥੇ ਅਤੇ ਭਾਈ ਗੁਰਸੇਵਕ ਸਿੰਘ ਕਥਾ ਵਾਚਕ ਕਾਦਾ ਬੋੜਾ ਨੇ ਵਲੋਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਸ ਅਦੁੱਤੀ ਸ਼ਹਾਦਤ 'ਤੇ ਉਨ੍ਹਾਂ ਦੀ ਜੀਵਨੀ ਵਾਰੇ ਵਿਸਥਾਰ ਸਹਿਤ ਕੀਰਤਨ 'ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਅੰਤ ਵਿਚ ਭਾਈ ਗੁਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਇਲਾਹੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਦਿਆਂ ਗੁਰੂ ਸਾਹਿਬ ਵਲੋਂ ਮਨੁੱਖਤਾ ਦੇ ਭਲੇ ਲਈ ਦਿੱਤੀ ਸ਼ਹਾਦਤ ਵਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਕੈਂਪਸ ਰਜਿਸਟਰਾਰ ਵਲੋਂ ਕੈਂਪਸ ਤੇ ਬਾਹਰੋਂ ਆਈ ਸੰਗਤ ਅਤੇ ਪ੍ਰੋਗਰਾਮ ਆਰਗੇਨਾਈਜਿੰਗ ਕਮੇਟੀ ਡਾ. ਮਨਜਿੰਦਰ ਸਿੰਘ, ਡਾ. ਗੁਰਜੀਵਨ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ ਆਦਿ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਭਾਰੀ ਗਿਣਤੀ 'ਚ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ | ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |