ਮੱਖੂ, 6 ਨਵੰਬਰ (ਵਰਿੰਦਰ ਮਨਚੰਦਾ)-ਪੰਜਾਬ ਰਾਜ 'ਚ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦੇ ਸਮੇਂ ਕਿਸਾਨਾਂ/ਖੇਤ ਮਜ਼ਦੂਰਾਂ ਆਦਿ ਨਾਲ ਥਰੈਸ਼ਰ ਹਾਦਸਾ ਭਾਵ ਖੇਤਾਂ, ਮੰਡੀਆਂ ਆਦਿ 'ਚ ਜੇ ਹਾਦਸਾ ਵਾਪਰ ਜਾਵੇ ਤਾਂ ਸਰਕਾਰ ਵਲੋਂ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਹੈ | ਜਿਸ ਤਹਿਤ ਮਾਰਕੀਟ ਕਮੇਟੀ ਮੱਖੂ ਵੱਲੋਂ ਅੱਜ ਥਰੈਸ਼ਰ ਹਾਦਸਾ ਪੀੜਤ ਨੂੰ ਵਿੱਤੀ ਸਹਾਇਤਾ ਦਾ ਚੈੱਕ ਪ੍ਰਦਾਨ ਕੀਤਾ ਗਿਆ | ਇਸ ਦੌਰਾਨ ਚੇਅਰਮੈਨ ਮਾਰਕੀਟ ਕਮੇਟੀ ਮੱਖੂ ਨਛੱਤਰ ਸਿੰਘ ਵਰਪਾਲ ਨੇ ਅੱਜ ਖੇਤ ਵਿਚ ਕੰਮ ਕਰਦੇ ਸਮੇਂ ਟਰਾਲੀ ਦਾ ਡਾਲਾ ਲਾਉਣ ਸਮੇਂ ਡਾਲਾ ਅਚਾਨਕ ਹੇਠਾਂ ਡਿੱਗਣ ਕਾਰਨ ਸੱਜੇ ਪੈਰ ਦਾ ਅੰਗੂਠਾ ਕੱਟ ਜਾਣ 'ਤੇ ਤਰਸੇਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੋੜ ਕੁੱਸੂਵਾਲਾ ਨੂੰ 12 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਪ੍ਰਦਾਨ ਕੀਤਾ | ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ ਨੇ ਕਿਹਾ ਕਿ ਜੇ ਕਿਸਾਨ ਤੇ ਖੇਤੀ ਮਜ਼ਦੂਰਾਂ ਨਾਲ ਖੇਤ, ਮੰਡੀ, ਰਸਤੇ ਜਾਂ ਘਰ 'ਚ ਖੇਤੀਬਾੜੀ ਨਾਲ ਸਬੰਧਿਤ ਕੰਮ ਕਰਦੇ ਵੇਲੇ ਹਾਦਸਾ ਵਾਪਰ ਜਾਵੇ ਜਾਂ ਅੰਗ ਨਕਾਰਾ ਹੋ ਜਾਵੇ ਜਾਂ ਮੰਡੀ ਮਜ਼ਦੂਰ ਨਾਲ ਮੰਡੀ 'ਚ ਮਾਰਕੀਟਿੰਗ ਦੀ ਪ੍ਰਤੀਕਿਰਿਆ ਕਰਦੇ ਸਮੇਂ ਹਾਦਸਾ ਵਾਪਰ ਜਾਵੇ ਜਾਂ ਅੰਗ ਨਕਾਰਿਆ ਜਾਵੇ ਤਾਂ ਉਸ ਸੂਰਤ 'ਚ ਮੰਡੀ ਬੋਰਡ ਦੀ ਨਿਰਧਾਰਿਤ ਨੀਤੀ ਅਨੁਸਾਰ ਵਿੱਤੀ ਸਹਾਇਤਾ ਦੇਣ ਦਾ ਉਪਬੰਧ ਹੈ | ਮੌਤ ਹੋ ਜਾਣ ਦੀ ਸੂਰਤ 'ਚ 2 ਲੱਖ ਰੁਪਏ, ਦੋ ਅੰਗ ਕੱਟੇ ਜਾਣ ਜਾਂ ਦੋ ਅੰਗ ਮਰਨ ਜਿਵੇਂ ਹੱਥ, ਬਾਂਹ, ਲੱਤ, ਅੱਖ, ਪੈਰ ਆਦਿ ਜਾਂ ਕੋਈ ਹੋਰ ਗੰਭੀਰ ਜ਼ਖ਼ਮ ਜਾਂ ਸਰੀਰ ਦੇ ਕੋਈ ਹੋਰ ਦੋ ਅੰਗ ਜਿਸ ਨੂੰ ਕਿ ਚੇਅਰਮੈਨ ਬੋਰਡ ਵਲੋਂ ਵਿਸ਼ੇਸ਼ ਤੌਰ 'ਤੇ ਨਕਾਰਾ ਜਾਂ ਗੰਭੀਰ ਜ਼ਖ਼ਮ ਐਲਾਨੇ ਜਾਣ ਦੀ ਸੂਰਤ 'ਚ 60 ਹਜ਼ਾਰ ਰੁਪਏ ਤੇ ਉਂਗਲ ਕੱਟੇ ਜਾਣ 'ਤੇ ਵੀ ਸਕੀਮ ਦੇ ਨੇਮਾਂ ਅਨੁਸਾਰ ਸਹਾਇਤਾ ਦਿੱਤੀ ਜਾਂਦੀ ਹੈ | ਅੰਗ ਨਕਾਰਾ ਹੋਣ ਦੀ ਸੂਰਤ 'ਚ 25 ਫ਼ੀਸਦੀ ਤੋਂ 50 ਫ਼ੀਸਦੀ ਤੱਕ 50 ਹਜ਼ਾਰ ਰੁਪਏ, 51 ਫ਼ੀਸਦੀ ਤੋਂ 75 ਫ਼ੀਸਦੀ ਤੱਕ 75 ਹਜ਼ਾਰ ਰੁਪਏ ਤੇ 76 ਫ਼ੀਸਦੀ ਤੋਂ 100 ਫ਼ੀਸਦੀ ਤੱਕ ਇਕ ਲੱਖ ਰੁਪਏ ਸਹਾਇਤਾ ਦੇਣ ਦਾ ਪ੍ਰਬੰਧ ਹੈ | ਉਨ੍ਹਾਂ ਦੱਸਿਆ ਕਿ ਜੇਕਰ ਖੇਤ 'ਚ ਸੱਪ ਦੇ ਡੰਗਣ, ਕਰੰਟ ਲੱਗਣ ਆਦਿ ਨਾਲ ਮੌਤ ਹੁੰਦੀ ਹੈ ਤਾਂ ਇਸ ਸਕੀਮ ਤਹਿਤ 2 ਲੱਖ ਤੱਕ ਦੀ ਸਹਾਇਤਾ ਦਾ ਪ੍ਰਬੰਧ ਹੈ | ਚੇਅਰਮੈਨ ਵਰਪਾਲ ਨੇ ਦੱਸਿਆ ਕਿ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ਪੰਜਾਬ ਮੰਡੀ ਬੋਰਡ ਵੱਲੋਂ ਨਿਰਧਾਰਿਤ ਮਾਰਕੀਟ ਕਮੇਟੀਆਂ ਵਿਖੇ ਉਪਲਬਧ ਫਾਰਮ, ਆਧਾਰ ਕਾਰਡ, ਮੌਤ ਹੋਣ ਦੀ ਸੂਰਤ 'ਚ ਮੌਤ ਦਾ ਸਰਟੀਫਿਕੇਟ, ਅੰਗ ਕੱਟੇ ਜਾਣ ਦੀ ਸੂਰਤ 'ਚ ਡਾਕਟਰ ਵੱਲੋਂ ਤਸਦੀਕੀ ਪੋ੍ਰਫਾਰਮਾ ਲੋੜੀਂਦਾ ਹੈ | ਇਸ ਮੌਕੇ ਗੁਰਪਾਲ ਸਿੰਘ ਸ਼ੀਹਾਂ ਪਾੜੀ, ਮਨਪ੍ਰੀਤ ਸਿੰਘ, ਹੀਰਾ ਸਿੰਘ ਅਤੇ ਹੋਰ ਮਾਰਕੀਟ ਕਮੇਟੀ ਮੱਖੂ ਦਾ ਸਟਾਫ਼ ਹਾਜ਼ਰ ਸੀ |