ਫ਼ਿਰੋਜ਼ਪੁਰ, 21 ਜੁਲਾਈ (ਗੁਰਿੰਦਰ ਸਿੰਘ)-ਬੀਤੇ ਕੱਲ੍ਹ ਲੁਧਿਆਣਾ ਵਿਖੇ ਹੋਈ 36ਵੀਂ ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ 'ਚ ਫ਼ਿਰੋਜ਼ਪੁਰ ਦੇ ਨੰਨ੍ਹੇ ਤੈਰਾਕਾਂ ਨੇ ਵੱਡੀਆਂ ਮੱਲਾਂ ਮਾਰਦਿਆਂ ਸਮੁੱਚੀ ਚੈਂਪੀਅਨਸ਼ਿਪ 'ਚ 41 ਪੁਆਇੰਟ ਹਾਸਲ ਕਰਕੇ ਓਵਰਆਲ ਟਰਾਫ਼ੀ ਆਪਣੇ ਨਾਂਅ ਕੀਤੀ ਹੈ | ਰਾਜ ਪੱਧਰੀ ਸਬ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਪਰਤੇ ਨੰਨ੍ਹੇ ਤੈਰਾਕਾਂ ਦਾ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਸਵਿਮਿੰਗ ਪੂਲ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਖੇਡ ਵਿਭਾਗ ਦੇ ਤੈਰਾਕੀ ਕੋਚ ਗਗਨ ਮਾਟਾ ਨੇ ਦੱਸਿਆ ਕਿ 18 ਤੋਂ 20 ਜੁਲਾਈ ਤੱਕ ਪੀ.ਏ.ਯੂ ਸਵਿਮਿੰਗ ਪੂਲ ਲੁਧਿਆਣਾ ਵਿਖੇ ਹੋਈ 36ਵੀਂ ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ ਦੌਰਾਨ ਫ਼ਿਰੋਜ਼ਪੁਰ ਦੇ ਤੈਰਾਕਾਂ ਨੇ 3 ਸੋਨ ਤਗਮੇ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤੇ ਹਨ | ਉਨ੍ਹਾਂ ਦੱਸਿਆ ਕਿ ਸਬ ਜੂਨੀਅਰ ਗਰੁੱਪ ਦੇ ਦਿਲਸ਼ਾਨ ਪ੍ਰੀਤ, ਮਨਸਿਮਰ, ਮੌਂਟੀ ਵੀਰ ਤੇ ਅਨੰਤਵੀਰ 'ਤੇ ਅਧਾਰਿਤ ਟੀਮ ਨੇ 4 ਗੁਣਾ 50 ਮੀਟਰ ਫਰੀ ਸਟਾਈਲ ਰਿਲੇਅ ਤੇ 4 ਗੁਣਾਂ 50 ਮੈਡਲੇ ਰਿਲੇਅ ਵਿਚ ਸੂਬੇ ਭਰ ਦੇ ਤੈਰਾਕਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ | ਕੋਚ ਗਗਨ ਮਾਟਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਦਿਲਸ਼ਾਨਪ੍ਰੀਤ ਸਿੰਘ ਨੇ 100 ਮੀਟਰ ਬੈਕ ਸਟਰੋਕ, 200 ਮੀਟਰ ਇੰਡਵੀਜੂਲ ਮੈਡਲੇ ਵਿਚ ਸੋਨ ਤਗਮੇ ਤੇ 100 ਮੀਟਰ ਬਟਰ ਫਲਾਈ ਵਿਚ ਚਾਂਦੀ ਦਾ ਤਗਮਾ, ਮਨਸਿਮਰ ਸਿੰਘ ਨੇ 200 ਮੀਟਰ ਫਰੀ ਸਟਾਈਲ ਵਿਚ ਚਾਂਦੀ ਤੇ 100 ਮੀਟਰ ਬਰੈਸਟ ਸਟਰੋਕ 'ਚ ਕਾਂਸੀ ਦੇ ਤਗਮੇ, ਮੌਂਟੀ ਵੀਰ ਨੇ 400 ਮੀਟਰ ਫਰੀ ਸਟਾਈਲ ਵਿਚ ਚਾਂਦੀ ਦਾ ਤਗਮਾ, ਅਨੰਤਬੀਰ ਨੇ 100 ਮੀਟਰ ਤੇ 200 ਮੀਟਰ ਫਰੀ ਸਟਾਈਲ ਵਿਚ ਅਤੇ ਰਾਈਨ ਮੌਂਗਾ ਨੇ 400 ਮੀਟਰ ਫਰੀ ਸਟਾਈਲ ਵਿਚ ਕਾਂਸੀ ਦੇ ਤਗਮੇ ਜਿੱਤੇ ਹਨ | ਰਾਜ ਪੱਧਰੀ ਸਬ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਪਰਤੇ ਨੰਨ੍ਹੇ ਤੈਰਾਕਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ, ਜ਼ਿਲ੍ਹਾ ਸਵਿਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਸੂਚ, ਸਕੱਤਰ ਤਰਲੋਚਨ ਸਿੰਘ ਭੁੱਲਰ ਤੋਂ ਇਲਾਵਾ ਧਨਵੰਤ ਸਿੰਘ, ਨਿਰਵੈਰ ਸਿੰਘ, ਸੰਦੀਪ ਹਾਂਡਾ, ਜਿੰਮੀ ਸੰਧੂ, ਪਿਆਰਾ ਸਿੰਘ, ਨਵੀਨ ਸ਼ਰਮਾ, ਮੁਨੀਸ਼ ਬਹਿਲ, ਵਿਸ਼ਾਲ ਨਰੂਲਾ, ਗਗਨਦੀਪ ਸਿੰਘ, ਕਰਨ, ਸੁਖਦੇਵ ਸਿੰਘ ਸੱਗੂ, ਬੇਅੰਤ ਸਿੰਘ, ਦਲੀਪ ਕੁਮਾਰ ਆਦਿ ਹਾਜਰ ਸਨ |