ਫ਼ਿਰੋਜ਼ਪੁਰ, 18 ਜੁਲਾਈ (ਦਵਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਨਿਆਂ ਦਿਵਸ 'ਤੇ ਜਮਾਤ 10 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਸੈਸ਼ਨ ਅਦਾਲਤ ਫ਼ਿਰੋਜ਼ਪੁਰ ਦਾ ਵਿਦਿਆਤਮਕ ਦੌਰਾ ਕਰਵਾਇਆ | ਇਸ ਦੌਰਾਨ ਵਿਦਿਆਰਥੀਆਂ ਦੀ ਸੈਸ਼ਨ ਜੱਜ ਸੁਮੀਤ ਮਲਹੋਤਰਾ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ.ਜੇ.ਐਮ ਮੈਡਮ ਅਨੁਰਾਧਾ ਨਾਲ ਮੁਲਾਕਾਤ ਹੋਈ | ਇਹ ਸੈਸ਼ਨ ਆਪਸੀ ਗੱਲਬਾਤ ਤੇ ਅਨੁਭਵੀ ਢੰਗ ਨਾਲ ਕਰਵਾਇਆ ਗਿਆ | ਇਹ ਜਾਣਕਾਰੀ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਦੇ ਡਾਇਰੈਕਟਰ ਡਾ. ਐੱਸ. ਐਨ. ਰੁਦਰਾ ਨੇ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਨਾ ਸਿਰਫ ਅਦਾਲਤ ਦੀ ਕਾਰਜਪ੍ਰਣਾਲੀ ਨੂੰ ਸਮਝਿਆ, ਸਗੋਂ ਆਪਣੇ ਵਿਚਾਰ ਤੇ ਸਵਾਲ ਵੀ ਅਧਿਕਾਰੀਆਂ ਦੇ ਸਾਹਮਣੇ ਰੱਖੇ | ਸੈਸ਼ਨ ਦੀ ਸ਼ੁਰੂਆਤ ਅਦਾਲਤੀ ਮਾਹੌਲ ਅਤੇ ਉਥੇ ਹੋਣ ਵਾਲੀ ਕਾਰਵਾਈ ਦੀ ਜਾਣਕਾਰੀ ਨਾਲ ਹੋਈ | ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਅਦਾਲਤ 'ਚ ਨਿਆਂ ਦੀ ਪ੍ਰਕਿਰਿਆ ਕਿਵੇਂ ਚੱਲਦੀ ਹੈ, ਕੇਸ ਦੀ ਸੁਣਵਾਈ ਕਿਵੇਂ ਹੁੰਦੀ ਹੈ ਤੇ ਕਾਨੂੰਨ ਦੇ ਵੱਖ-ਵੱਖ ਪੱਖਾਂ ਦੀ ਕੀ ਭੂਮਿਕਾ ਹੁੰਦੀ ਹੈ | ਸੈਸ਼ਨ ਜੱਜ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਆਪਣੇ ਆਪ 'ਤੇ ਭਰੋਸਾ ਕਰਨ, ਸਕਾਰਾਤਮਿਕ ਸੋਚ ਰੱਖਣ ਤੇ ਆਪਣੇ ਅੰਦਰ ਦੀ ਲੁਕੀ ਹੋਈ ਪ੍ਰਤਿਭਾ ਨੂੰ ਪਛਾਣਨ ਲਈ ਪ੍ਰੇਰਿਤ ਕੀਤਾ | ਜੱਜ ਤੇ ਹੋਰ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਚੰਗੀਆਂ ਸੋਚਾਂ ਅਪਣਾਉਣ, ਚੰਗੀ ਸੰਗਤ ਵਿਚ ਰਹਿਣ ਤੇ ਸਮਾਜ ਵਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ |