20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹੜ੍ਹ ਤੋਂ ਬਚਾਅ ਲਈ ਦਰਿਆ ਨੂੰ ਭੇਟ ਕੀਤੀ ਜਾਂਦੀ ਹੈ ਸੋਨੇ ਦੀ ਨੱਥ, ਪੈਸੇ, ਚਾਦਰ ਤੇ ਚੌਲਾਂ ਦੀ ਦੇਗ

ਅਜੀਤ ਡੈਸਕ 16-07-2025

ਫ਼ਿਰੋਜ਼ਪੁਰ, 15 ਜੁਲਾਈ (ਗੁਰਿੰਦਰ ਸਿੰਘ)- ਦਰਿਆਵਾਂ ਵਿਚ ਆਉਂਦੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਫ਼ਿਰੋਜ਼ਪੁਰ ਨਾਲ ਵਗਦੇ ਦਰਿਆ ਸਤਲੁਜ ਦੇ ਕੰਢੇ ਵਸੇ ਪਿੰਡ ਬਸਤੀ ਰਾਮ ਲਾਲ ਦੇ ਲੋਕ ਹਰ ਸਾਲ ਦਰਿਆ ਨੂੰ ਸੋਨੇ ਦੀ ਨੱਥ, ਚਾਦਰ, ਕੁੱਝ ਪੈਸੇ ਤੇ ਚੌਲਾਂ ਦੀ ਦੇਗ ਭੇਟ ਕਰਦੇ ਹਨ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜਦੋਂ ਤੋਂ ਉਨ੍ਹਾਂ ਇਹ ਵਿਧੀ ਵਿਧਾਨ ਸ਼ੁਰੂ ਕੀਤਾ ਹੈ, ਉਸ ਸਾਲ ਤੋਂ ਉਨ੍ਹਾਂ ਦਾ ਪਿੰਡ ਹੜ੍ਹਾਂ ਦੀ ਮਾਰ ਤੋਂ ਬਚਿਆ ਆਉਂਦਾ ਹੈ। ਜ਼ਿਕਰਯੋਗ ਹੈ ਕਿ 1988 ਵਿਚ ਆਏ ਵੱਡੇ ਹੜ੍ਹਾਂ ਨੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਤੋਂ ਇਲਾਵਾ ਫ਼ਿਰੋਜ਼ਪੁਰ ਸ਼ਹਿਰ 'ਚ ਵੀ ਵੱਡੀ ਮਾਰ ਕੀਤੀ ਸੀ। ਉਸ ਤੋਂ ਬਾਅਦ ਤੇ 1992 ਵਿਚ ਫਿਰ ਹੜ੍ਹ ਦੀ ਪਈ ਮਾਰ ਨਾਲ ਧੁੱਸੀ ਤੇ ਐਡਵਾਂਸ ਬੰਨ੍ਹ ਵਿਚਾਲੇ ਵਸੇ ਪਿੰਡ ਬਸਤੀ ਰਾਮ ਲਾਲ ਦੇ ਲੋਕਾਂ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਲਗਭਗ 650 ਦੀ ਵਸੋਂ ਵਾਲੇ ਇਸ ਪਿੰਡ ਦੇ ਬਜ਼ੁਰਗ ਅੱਜ ਵੀ ਉਹ ਮੰਜ਼ਰ ਯਾਦ ਕਰਕੇ ਮਨ ਭਰ ਲੈਂਦੇ ਹਨ। 1994 'ਚ ਪਿੰਡ ਵਾਸੀਆਂ ਵਲੋਂ ਨਵੀਂ ਰੀਤ ਸ਼ੁਰੂ ਕੀਤੀ ਗਈ, ਦਰਿਆ ਸਤਲੁਜ ਕੰਢੇ ਹੜ੍ਹਾਂ ਤੋਂ ਬਚਾਓ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਕੱਠੇ ਹੋ ਕੇ ਅਰਦਾਸ ਬੇਨਤੀ ਕੀਤੀ ਕਿ ਦਰਿਆ ਆਪਣੇ ਰਸਤੇ ਵਹੇ ਤੇ ਕਿਸੇ ਦਾ ਨੁਕਸਾਨ ਨਾ ਕਰੇ। ਲੋਕਾਂ ਦੀ ਅਰਦਾਸ ਪ੍ਰਵਾਨ ਚੜ੍ਹੀ ਤੇ ਪਿੰਡ ਵਿਚ ਪਾਣੀ ਨਹੀਂ ਆਇਆ, ਉਸ ਦਿਨ ਤੋਂ ਪਿੰਡ ਵਾਸੀਆਂ ਦਾ ਅਜਿਹਾ ਵਿਸ਼ਵਾਸ ਬੱਝਾ ਕਿ ਪਿਛਲੇ 31 ਸਾਲਾਂ ਤੋਂ ਇਹ ਪਰੰਪਰਾ ਨਿਰੰਤਰ ਜਾਰੀ ਹੈ, ਜਿਸ ਦੇ ਫਲਸਰੂਪ ਹਰ ਸਾਲ ਚੜ੍ਹ ਕੇ ਆਉਂਦੇ ਦਰਿਆ ਦਾ ਪਾਣੀ ਉਨ੍ਹਾਂ ਦੇ ਪਿੰਡ ਨਹੀਂ ਵੜਦਾ। ਹਾਲਾਂਕਿ ਉਸ ਤੋਂ ਕੁੱਝ ਸਾਲਾਂ ਬਾਅਦ ਦਰਿਆ ਦੇ ਕੰਢੇ ਆਰਜ਼ੀ ਬੰਨ੍ਹ ਜ਼ਰੂਰ ਬੰਨ੍ਹ ਲਿਆ ਗਿਆ ਪਰ ਕਈ ਇਲਾਕਿਆਂ ਵਿਚ ਹੜ੍ਹਾਂ ਦੌਰਾਨ ਇਹ ਬੰਨ੍ਹ ਟੁੱਟ ਜਾਂਦੇ ਹਨ ਪਰ ਵਾਹਿਗੁਰੂ ਦੀ ਕਿਰਪਾ ਅਤੇ ਪਿੰਡ ਵਾਸੀਆਂ ਦੀ ਸ਼ਰਧਾ ਕਾਰਨ ਇੱਥੇ ਬੰਨ੍ਹ ਕਦੇ ਨਹੀਂ ਟੁੱਟਿਆ। ਜਿਉਂ ਜਿਉਂ ਸਮਾਂ ਬੀਤਦਾ ਗਿਆ ਲੋਕਾਂ ਦਾ ਵਿਸ਼ਵਾਸ ਪੱਕਾ ਹੁੰਦਾ ਗਿਆ ਅਤੇ ਹੁਣ ਹਰ ਸਾਲ ਪਿੰਡ ਵਿਚ ਦਰਿਆ ਦੇ ਕੰਢੇ ਮੇਲਾ ਲੱਗਦਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਿੰਡ ਦਾ ਇਕ ਗ੍ਰੰਥੀ ਸਿੰਘ ਪਾਕਿਸਤਾਨ ਗਿਆ ਸੀ ਜਿੱਥੋਂ ਉਹ ਖ਼ਵਾਜਾ ਪੀਰ ਦੀ ਦਰਗਾਹ ਤੋਂ ਇਕ ਇੱਟ ਲਿਆਇਆ, ਇਸ ਇੱਟ ਨੂੰ ਦਰਿਆ ਸਤਲੁਜ ਦੇ ਕੰਢੇ ਰੱਖ ਕੇ ਖ਼ਵਾਜਾ ਪੀਰ ਦੀ ਦਰਗਾਹ ਬਣਾਈ ਗਈ। ਕਿਸੇ ਵਿਵਾਦ ਤੋਂ ਬਚਣ ਲਈ ਉਸ ਦਿਨ ਤੋਂ ਬਾਅਦ ਹੁਣ ਹਰ ਸਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਢੋਲ ਢਮੱਕਿਆਂ ਨਾਲ ਚੌਲਾਂ ਦੀ ਦੇਗ, ਚਾਦਰ, ਸੋਨੇ ਦੀ ਨੱਥ ਤੇ ਕੁੱਝ ਪੈਸੇ ਲੈ ਕੇ ਦਰਿਆ ਕੰਢੇ ਪਹੁੰਚਦੇ ਹਨ ਅਤੇ ਦਰਿਆ ਕਿਨਾਰੇ ਅਰਦਾਸ ਬੇਨਤੀ ਕਰਕੇ ਸਮੂਹ ਪਿੰਡ ਵਾਸੀਆਂ ਵਲੋਂ ਉਕਤ ਸਮਾਨ ਦਰਿਆ ਨੂੰ ਭੇਟ ਕੀਤਾ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਹਰ ਸਾਲ ਦਰਿਆ ਸਤਲੁਜ ਬਾਕੀ ਪਿੰਡਾਂ ਦੇ ਨਾਲ ਉਨ੍ਹਾਂ ਦੇ ਪਿੰਡ ਵਿਚ ਵੀ ਭਾਰੀ ਤਬਾਹੀ ਮਚਾਉਂਦਾ ਸੀ, ਜਿਸ ਨਾਲ ਉਨ੍ਹਾਂ ਦੀਆਂ ਫ਼ਸਲਾਂ, ਮਾਲ ਡੰਗਰ ਦਾ ਭਾਰੀ ਨੁਕਸਾਨ ਹੁੰਦਾ ਸੀ ਤੇ ਉਨ੍ਹਾਂ ਨੂੰ ਵੀ ਬਾਲ ਬੱਚਿਆਂ ਸਮੇਤ ਘਰੋਂ ਬੇਘਰ ਹੋਣਾ ਪੈਂਦਾ ਸੀ। ਲੋਕ ਇਸ ਨੂੰ ਅਸਧਾਰਨ ਚਮਤਕਾਰ ਤੇ ਸ਼ਰਧਾ ਦਾ ਨਤੀਜਾ ਮੰਨਦੇ ਹਨ ਤੇ ਹਰ ਸਾਲ ਇਹ ਜਲ ਪ੍ਰਵਾਹ ਕਰਕੇ ਆਪਣੀ ਰਿਵਾਇਤ ਨੂੰ ਕਾਇਮ ਰੱਖਦੇ ਆ ਰਹੇ ਹਨ।

ਪਿਛਲੀ ਖ਼ਬਰ ਬਾਬਾ ਫੌਜਾ ਸਿੰਘ ਨੂੰ ਇੰਗਲੈਂਡ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਰਧਾਂਜ਼ਲੀ ਅਗਲੀ ਖ਼ਬਰ ਤਲਬੀਰ ਗਿੱਲ ਦੀ ਹਲਕਾ ਇੰਚਾਰਜ ਵਜੋਂ ਨਿਯੁਕਤੀ ਨਾਲ ਪਾਰਟੀ ਮਜ਼ਬੂਤੀ ਵੱਲ ਵਧੀ-ਸਿਆਲਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।