ਮੱਖੂ, 15 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਮੱਖੂ ਰੇਲਵੇ ਫਾਟਕ 'ਤੇ ਓਵਰ ਬਿ੍ਜ ਨਾ ਬੰਦ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਮੱਖੂ ਦੇ ਰੇਲਵੇ ਫਾਟਕ ਦੀ ਦੋਨੋਂ ਪਾਸੇ ਸੜਕ 'ਤੇ ਪਏ ਵੱਡੇ ਖੱਡਿਆਂ ਕਾਰਨ ਅਕਸਰ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਚਿਰ ਰੇਲਵੇ ਫਾਟਕ 'ਤੇ ਓਵਰ ਬਿ੍ਜ ਨਹੀਂ ਬਣ ਜਾਂਦਾ, ਉਨ੍ਹੀਂ ਦੇਰ ਟੋਲ ਪਲਾਜ਼ਾ ਵਾਹਨ ਚਾਲਕਾਂ ਲਈ ਮੁਕਤ ਕਰ ਦੇਣ ਜਾਂ ਫਿਰ ਰੇਲਵੇ ਫਾਟਕ ਦੇ ਦੋਨੇਂ ਪਾਸੇ ਖ਼ਰਾਬ ਸੜਕ ਨੂੰ ਬਣਾ ਦੇਣ ਤਾਂ ਜੋ ਰਾਹਗੀਰਾਂ ਦੇ ਨਿੱਤ ਦਿਹਾੜੇ ਹੋ ਰਹੇ ਨੁਕਸਾਨ ਹੋਣੋਂ ਬਚ ਸਕੇ | ਉਨ੍ਹਾਂ ਕਿਹਾ ਕਿ ਜੇਕਰ ਨੈਸ਼ਨਲ ਹਾਈਵੇ ਅਥਾਰਿਟੀ ਨੇ ਇਸ ਚਿਤਾਵਨੀ ਵੱਲ ਗ਼ੌਰ ਨਾ ਕੀਤਾ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ 20 ਦਿਨਾਂ ਬਾਅਦ ਕੋਟ ਕਰੋੜ ਵਾਲਾ ਟੋਲ ਪਲਾਜ਼ਾ ਅਣਮਿਥੇ ਸਮੇਂ ਲਈ ਵਾਹਨ ਚਾਲਕਾਂ ਲਈ ਮੁਫ਼ਤ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 20 ਦਿਨਾਂ 'ਚ ਇਸ ਖੱਡਿਆਂ ਕਾਰਨ ਕੋਈ ਵੱਡਾ ਹਾਦਸਾ ਵਾਪਰਿਆ ਤਾਂ ਉਸਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਿਟੀ ਦੀ ਹੋਵੇਗੀ |