24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਰਫ਼ਾਂ ਦੀ ਲੋਅ ਵਲੋਂ ਤੀਜਾ ਸਾਹਿਤਕ ਸਮਾਗਮ ਸ਼ਾਨਦਾਰ ਢੰਗ ਨਾਲ ਕਰਵਾਇਆ

ਅਜੀਤ ਡੈਸਕ 08-12-2025

ਛੇ ਪੁਸਤਕਾਂ ਲੋਕ ਅਰਪਣ, ਕਲਮਕਾਰਾਂ ਨੇ ਕੀਤਾ ਰਚਨਾਵਾਂ ਰਾਹੀਂ ਮੰਤਰ ਮੁਗਧ
ਅਮਰਗੜ•, 7 ਦਸੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਅਦਬ ਦਾ ਸਿਤਾਰਾ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਯਾਦ 'ਚ ਪਿੰਡ ਝੂੰਦਾਂ ਵਿਖੇ ਬਣੀ ਯਾਦਗਾਰੀ ਲਾਇਬਰੇਰੀ ਵਿਚ ਹਰਫ਼ਾਂ ਦੀ ਲੋਅ ਪੰਜਾਬੀ ਸਾਹਿਤਕ ਸੱਥ ਪੰਜਾਬ ਵਲੋਂ ਸਰੀਰ ਦਾਨੀ ਸਰਬਜੀਤ ਸਿੰਘ ਨਮੋਲ ਦੀ ਪਾਵਨ ਯਾਦ ਨੂੰ ਸਮਰਪਿਤ ਤੀਜਾ ਸਾਲਾਨਾ ਸਾਹਿਤਕ ਸਮਾਗਮ ਰੂਹ ਪਰਵਾਜ਼ ਕਰਦਾ ਹੋਇਆ ਯਾਦਗਾਰੀ ਢੰਗ ਨਾਲ ਮੁਕੰਮਲ ਹੋਇਆ | ਪ੍ਰਵਾਸੀ ਪੰਜਾਬੀ ਮਾਹੀ ਮਿੱਠਾਪੁਰੀਆ ਦੀ ਸਰਪ੍ਰਸਤੀ ਅਤੇ ਸਰਬਜੀਤ ਕੌਰ ਢਿੱਲੋਂ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਨੇ ਪੰਜਾਬ ਭਰ ਤੋਂ ਪਹੁੰਚੇ ਕਵੀਆਂ, ਲੇਖਕਾਂ ਅਤੇ ਸਾਹਿਤਕਾਰਾਂ ਨੂੰ ਇੱਕ ਮੰਚ 'ਤੇ ਜੋੜਿਆ | ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਪ੍ਰਬੰਧਕਾਂ ਨੂੰ ਇਸ ਕਲਮ-ਮਹਿਲ ਦੀ ਸਫ਼ਲਤਾ ਲਈ ਵਧਾਈ ਦਿੰਦਿਆਂ ਆਪਣੀ ਰਚਨਾ ਦੀ ਸੁੰਦਰ ਪ੍ਰਸਤੁਤੀ ਨਾਲ ਮੰਚ ਦੇ ਪ੍ਰਕਾਸ਼ ਨੂੰ ਹੋਰ ਨਿਖਾਰ ਬਖ਼ਸ਼ਿਆ | ਮੰਚ 'ਤੇ ਮੌਜੂਦ ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਨਾਵਲਕਾਰ ਜਤਿੰਦਰ ਹਾਂਸ, ਉੱਘੇ ਕਹਾਣੀਕਾਰ ਜਸਵੀਰ ਰਾਣਾ, ਰਵੀਨਾ ਖਾਨ ਪ੍ਰਧਾਨ ਕਾਫਲਾ-ਏ-ਮੀਰ, ਜਸਪ੍ਰੀਤ ਕੌਰ ਗੁਰਨਾ ਪ੍ਰਧਾਨ ਮਾਂ ਬੋਲੀ ਸਾਹਿਤ ਸਭਾ, ਸਮਾਜ ਸੇਵੀ ਡਾ. ਗੁਰਪ੍ਰੀਤ ਕੌਰ ਢੀਂਡਸਾ ਅਤੇ ਫ਼ਿਲਮਕਾਰ ਜਗਤਾਰ ਬੈਨੀਪਾਲ ਨੇ ਕਵੀਆਂ ਦੀਆਂ ਰਚਨਾਵਾਂ ਦਾ ਅਨੰਦ ਮਾਣਦਿਆਂ ਸਮਾਗਮ ਨੂੰ ਉੱਭਰਦੀਆਂ ਕਲਮਾਂ ਲਈ ਇੱਕ ਵੱਡਾ ਪਲੇਟਫ਼ਾਰਮ ਕਰਾਰ ਦਿਤਾ | ਇਸ ਮੌਕੇ ਸਰੀਰ ਦਾਨੀ ਮਰਹੂਮ ਸ਼ਾਇਰ ਸਰਬਜੀਤ ਸਿੰਘ ਨਮੋਲ ਦੀ ਕਾਵਿ ਪੁਸਤਕ 'ਬਾਗ਼ੀ', ਗੀਤਕਾਰ ਹਰਦੀਪ ਸਿੰਘ ਰਾਜੂ ਮੰਡੇਰ ਦੀ 'ਤੂਤਾਂ ਵਾਲੀ ਪਹੀ', ਸਾਂਝਾ ਕਾਵਿ ਸੰਗ੍ਰਹਿ 'ਮੋਹ ਦੀਆਂ ਤੰਦਾਂ', ਸਰਬਜੀਤ ਕੌਰ ਢਿੱਲੋਂ ਦੀ 'ਸਧਰਾਂ ਦਾ ਕੁੱਜਾ', ਸੁਖਪਾਲ ਕੌਰ ਧਾਲੀਵਾਲ ਦੀ 'ਬਾਪੂ ਦੀ ਲਾਡਲੀ' ਅਤੇ ਸਰਬਜੀਤ ਕੌਰ ਸਹੋਤਾ ਦੀ 'ਮਾਏ ਮੈਂ ਤੈਨੂੰ ਯਾਦ ਕਰਦੀ' ਦਾ ਲੋਕ ਅਰਪਣ ਕੀਤਾ ਗਿਆ | ਸਮਾਗਮ 'ਚ ਹਾਜ਼ਰ ਕਵੀਆਂ ਅਤੇ ਮਹਿਮਾਨਾਂ ਨੂੰ ਕਮੇਟੀ ਵਲੋਂ ਯਾਦਗਾਰੀ ਚਿੰਨ•ਅਤੇ ਨਵ-ਪ੍ਰਕਾਸ਼ਿਤ ਪੁਸਤਕਾਂ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਲੇਖਕ ਅਤੇ ਪੱਤਰਕਾਰ ਸੁਖਵਿੰਦਰ ਸਿੰਘ ਅਟਵਾਲ ਨੇ ਸੁਚਾਰੂ ਢੰਗ ਨਾਲ ਨਿਭਾਇਆ | ਅਖੀਰ 'ਚ, ਰਚਨਾਵਾਂ ਦੀ ਮਹਿਕ, ਸ਼ਬਦਾਂ ਦੀ ਰੌਸ਼ਨੀ ਅਤੇ ਸਾਹਿਤਕ ਸਾਂਝ ਦੀਆਂ ਅਮਿੱਟ ਯਾਦਾਂ ਛੱਡਦਾ ਹੋਇਆ 'ਹਰਫ਼ਾਂ ਦੀ ਲੋਅ' ਦਾ ਇਹ ਤੀਜਾ ਸਾਹਿਤਕ ਸਮਾਗਮ ਵਿਸ਼ੇਸ਼ ਰੂਪ ਨਾਲ ਯਾਦਗਾਰ ਬਣ ਕੇ ਨਿੱਬੜਿਆ |

ਪਿਛਲੀ ਖ਼ਬਰ ਸਾਹਿਤਕ ਬੈਠਕ ਦੌਰਾਨ ਅਮਰਜੀਤ ਕਾਉਂਕੇ ਸਰੋਤਿਆਂ ਦੇ ਹੋਏ ਰੂ-ਬ-ਰੂ <br/> ਅਗਲੀ ਖ਼ਬਰ ਸ਼ੇਰਪੁਰ ਵਿਖੇ ਕਰਨਲ ਕੁਲਾਰ ਨੇ ਸਮੂਹ ਸਾਬਕਾ ਸੈਨਿਕਾਂ ਨੂੰ ਇਕਮੁੱਠ ਹੋਣ ਲਈ ਪ੍ਰੇਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।