ਸੰਗਰੂਰ, 3 ਦਸੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ, ਅਮਨਦੀਪ ਸਿੰਘ ਗਰੇਵਾਲ ਅਤੇ ਹੋਰਨਾਂ ਵਲੋਂ ਕੀਤੀ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚੋਂ ਮਿ੍ਤਕ ਦੀ ਪਤਨੀ ਸਮੇਤ ਦੋ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਛਾਜਲੀ ਵਿਖੇ 29 ਜੂਨ 2019 ਨੂੰ ਦਰਜ ਮਾਮਲੇ ਮੁਤਾਬਕ ਗੁਰਜੰਟ ਸਿੰਘ ਵਾਸੀ ਛਾਜਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਵੱਡੇ ਲੜਕੇ ਜਗਸੀਰ ਸਿੰਘ ਦਾ ਵਿਆਹ ਕਰੀਬ ਸੱਤ ਅੱਠ ਮਹੀਨੇ ਪਹਿਲਾਂ ਕਰਮਜੀਤ ਕੌਰ ਨਾਲ ਹੋਇਆ ਸੀ | ਦਰਜ ਮਾਮਲੇ ਮੁਤਾਬਿਕ ਗੁਰਜੰਟ ਸਿੰਘ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੀ ਨੂੰਹ ਦੇ ਕਿਸੇ ਗੈਰ ਵਿਅਕਤੀ ਨਾਲ ਨਜਾਇਜ਼ ਸਬੰਧ ਹਨ, ਉਸ ਨੂੰ ਕਾਫੀ ਵਾਰ ਸਮਝਾਇਆ ਗਿਆ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈ ਜਿਸ ਕਾਰਨ ਸ਼ਿਕਾਇਤ ਕਰਤਾ ਦਾ ਲੜਕਾ ਜਗਸੀਰ ਸਿੰਘ ਕਾਫੀ ਪਰੇਸ਼ਾਨ ਰਹਿੰਦਾ ਸੀ ਜਿਸ ਦੇ ਚੱਲਦਿਆਂ ਜਗਸੀਰ ਸਿੰਘ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਜਗਸੀਰ ਸਿੰਘ ਨੇ ਆਪਣੀ ਪਤਨੀ ਕਰਮਜੀਤ ਕੌਰ ਅਤੇ ਨਾ ਮਾਲੂਮ ਵਿਅਕਤੀ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ਉੱਤੇ ਕਰਮਜੀਤ ਕੌਰ ਅਤੇ ਜਸਕਰਨ ਸਿੰਘ ਖ਼ਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚ ਮਾਮਲਾ ਦਰਜ ਕਰ ਲਿਆ ਗਿਆ!ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਕਰਮਜੀਤ ਕੌਰ ਅਤੇ ਜਸਕਰਨ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |