ਮਲੇਰਕੋਟਲਾ, 20 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੋਸਾਇਟੀ ਸਰੌਦ ਵਲੋਂ 28 ਅਤੇ 29 ਨਵੰਬਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵਿਰਾਸਤ-ਏ-ਸਭਾ ਕਰਵਾਈ ਜਾ ਰਹੀ ਹੈ | ਜਥੇਦਾਰ ਸਰੌਦ ਅਤੇ ਇਲਾਕਾ ਵਾਸੀਆਂ ਵਲੋਂ ਕੀਤਾ ਜਾਣ ਵਾਲਾ ਇਹ ਵੱਡਾ ਉਪਰਾਲਾ ਕਵੀਸ਼ਰੀ ਜਗਤ ਦੇ ਵਿਚ ਅਹਿਮ ਹੈ | ਜਿੱਥੇ ਪੰਜਾਬ ਦੇ ਨਾਮੀ ਕਵੀਸ਼ਰੀ ਜਥੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਸਭਿਆਚਾਰ ਨਾਲ ਜੋੜਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਦੱਸਿਆ ਕਿ ਸੇਵਾ ਸੋਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਜਥੇਦਾਰ ਟੌਹੜਾ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਸਵਰਗੀ ਪ੍ਰਧਾਨ ਅਮਨਦੀਪ ਸਿੰਘ ਰੰਗੀ ਨੂੰ ਸਮਰਪਿਤ 2 ਰੋਜ਼ਾ ਵਿਸ਼ਾਲ ਵਿਰਾਸਤ ਏ ਸਭਾ ਕਰਵਾਈ ਜਾ ਰਹੀ ਹੈ ਜਿੱਥੇ ਪੰਜਾਬ ਦੇ ਨਾਮਵਰ ਕਵੀਸ਼ਰ ਕੁਲਵੰਤ ਸਿੰਘ ਮਾਣੂਕੇ, ਪ੍ਰੀਤ ਸਿੰਘ ਸੰਦਲ, ਲਖਬੀਰ ਸਿੰਘ ਤਖਤੂਪੁਰਾ ਅਤੇ ਗੁਰਜੀਤ ਸਿੰਘ ਮੰਡੇਰ ਦੇ ਜਥੇ ਵਲੋਂ ਸੰਗਤਾਂ ਨੂੰ ਇਤਿਹਾਸ ਸੁਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸੁਰਤਾਲ ਦੇ ਗਿਆਤਾ ਪੰਡਤ ਰੇਵਤੀ ਪ੍ਰਸਾਦ ਸ਼ਰਮਾ ਨੂੰ ਕਵੀਸ਼ਰ ਨਾਜ਼ਰ ਸਿੰਘ ਸਰੌਦ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਸਨਮਾਨਿਤ ਸ਼ਖ਼ਸੀਅਤਾਂ ਦੇ ਵਿਚ ਸ੍ਰੀ ਅਵਿਨਾਸ਼ ਚੰਦ ਸੂਦ ਭਾਦਸੋਂ ਵਾਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਦਿੱਤੇ ਜਾਣਗੇ | ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਆਖਿਆ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੁਸਾਇਟੀ ਵਲੋਂ ਹਰ ਸਾਲ ਵਿਰਾਸਤ ਏ ਸਭਾ ਦਾ ਸਮਾਗਮ ਕਰਵਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਲਈ ਵੀ ਵੱਡੇ ਕਾਰਜ ਕੀਤੇ ਜਾਂਦੇ ਹਨ | ਹਰ ਵਰ੍ਹੇ ਕਰਵਾਈ ਜਾਣ ਵਾਲੀ ਇਹ ਵਿਰਾਸਤ ਏ ਸਭਾ ਕਵੀਸ਼ਰੀ ਜਗਤ ਦੇ ਨਾਮਵਰ ਕਵੀਸ਼ਰ ਪੰਡਿਤ ਨਸੀਬ ਚੰਦ ਕੱਕੜਵਾਲ ਵਾਲੇ ਅਤੇ ਸਰੌਦ ਵਾਲੇ ਕਵੀਸ਼ਰੀ ਜਥੇ ਨੂੰ ਸਮਰਪਿਤ ਹੁੰਦੀ ਹੈ | ਵਿਰਾਸਤ ਏ ਸਭਾ ਦੇ ਦੋਵੇਂ ਦਿਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਜ਼ਾਰਾਂ ਦੀ ਤਾਦਾਦ ਦੇ ਵਿਚ ਸੰਗਤਾਂ ਸਿੱਖ ਇਤਿਹਾਸ ਸਰਵਣ ਕਰਨਗੀਆਂ | ਸਭਾ ਦੇ ਆਖ਼ਰੀ ਦਿਨ ਲੋੜਵੰਦ ਵਿਅਕਤੀਆਂ ਨੂੰ ਗਰਮ ਕੱਪੜਿਆਂ ਦੀ ਵੰਡ ਵੀ ਕੀਤੀ ਜਾਵੇਗੀ | ਇਸ ਮੌਕੇ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ | ਇਸ ਮੌਕੇ ਮੁੱਖ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਨਾਨੂ, ਚੇਅਰਮੈਨ ਪ੍ਰਦੁਮਣ ਸਿੰਘ ਦਲੇਲਗੜ੍ਹ, ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ, ਡਾਇਰੈਕਟਰ ਮਨਦੀਪ ਸਿੰਘ ਰਾਮਪੁਰ ਛੰਨਾ, ਚੇਅਰਮੈਨ ਡਾਕਟਰ ਪਰਮਜੀਤ ਸਿੰਘ ਗੁਆਰਾ, ਸੀਨੀਅਰ ਅਕਾਲੀ ਆਗੂ ਸਤਿੰਦਰ ਸਿੰਘ ਸੇਹਕੇ, ਅਕਾਲੀ ਆਗੂ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਸਾਬਕਾ ਪ੍ਰਧਾਨ ਬਹਾਦਰ ਸਿੰਘ, ਕਿਸਾਨ ਆਗੂ ਜਗਤਾਰ ਸਿੰਘ ਰਟੋਲ, ਨੇਤਰ ਸਿੰਘ ਬਾਵਾ, ਕੁਲਦੀਪ ਸਿੰਘ ਅਤੇ ਪ੍ਰਧਾਨ ਰਣਬੀਰ ਸਿੰਘ ਆਦਿ ਹਾਜ਼ਰ ਸਨ |