ਸੰਗਰੂਰ, 20 ਨਵੰਬਰ (ਧੀਰਜ ਪਸੋਰੀਆ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਨਮੁੱਖ ਨਾਨਕਿਆਣਾ ਚੌਕ ਵਿਖੇ ਖੰਡਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ, ਜਿਸ ਨੂੰ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਸੰਗਤ ਨੂੰ ਸਮਰਪਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੀਤੇ ਦਿਨ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਅਰਦਾਸ ਉਪਰੰਤ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਨਾਨਕਿਆਣਾ ਚੌਕ ਦੇ ਸੁੰਦਰੀਕਰਨ ਅਤੇ ਖੰਡਾ ਸਾਹਿਬ ਸਥਾਪਤ ਕਰਨ ਦੇ ਕਾਰਜ ਦੀ ਸ਼ੁਰੂਆਤ ਕਰਵਾਈ ਸੀ | ਵਿਧਾਇਕਾ ਭਰਾਜ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਦਾ ਪ੍ਰਸਿੱਧ ਨਾਨਕਿਆਣਾ ਚੌਕ ਨੂੰ ਨਵੀਂ ਦਿਖ ਨਾਲ ਸਜਾਇਆ ਗਿਆ ਹੈ ਤੇ ਚੌਕ ਵਿਚ ਖੰਡਾ ਸਾਹਿਬ ਦੀ ਸਥਾਪਨਾ, ਇਸ ਦਾ ਕੇਂਦਰੀ ਆਕਰਸ਼ਨ ਬਣੀ ਹੈ, ਜੋ ਸੂਰਬੀਰਤਾ, ਸੇਵਾ ਅਤੇ ਨਿਆਇਕ ਪਰੰਪਰਾ ਦਾ ਮਜ਼ਬੂਤ ਪ੍ਰਤੀਕ ਹੋਣ ਦੇ ਨਾਲ-ਨਾਲ ਸੰਗਰੂਰ ਦੀ ਧਾਰਮਿਕ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ | ਭਰਾਜ ਨੇ ਕਿਹਾ ਕਿ ਖੰਡਾ ਸਾਹਿਬ ਦੀ ਸਥਾਪਨਾ ਸੂਰਬੀਰਤਾ ਅਤੇ ਤਿਆਗ ਦੇ ਸੰਦੇਸ਼ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਪਹਿਲ ਹੈ | ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਭਰ ਵਿਚ ਹੋ ਰਹੀਆਂ ਗਤੀਵਿਧੀਆਂ ਦਾ ਮਕਸਦ ਲੋਕਾਂ ਵਿਚ ਮਨੁੱਖਤਾ ਦੇ ਉੱਚ ਆਦਰਸ਼ਾਂ ਨੂੰ ਫੈਲਾਉਣਾ ਹੈ | ਇਸੇ ਤਰ੍ਹਾਂ, ਸੰਗਰੂਰ ਵਿਚ ਵੀ ਵੱਖ-ਵੱਖ ਸਮਾਗਮ ਲਗਾਤਾਰ ਕਰਵਾਏ ਜਾ ਰਹੇ ਹਨ | ਚੌਕ ਦੇ ਸੁੰਦਰੀਕਰਨ ਪ੍ਰੋਜੈਕਟ ਨੂੰ ਮਨੁੱਖੀ ਜਜ਼ਬੇ ਅਤੇ ਸੇਵਾ ਭਾਵ ਨੂੰ ਸਨਮੁੱਖ ਰੱਖਦਿਆਂ ਤਿਆਰ ਕੀਤਾ ਗਿਆ ਹੈ | ਸਥਾਨਕ ਨਾਗਰਿਕਾਂ ਨੇ ਵੀ ਇਸ ਉਪਰਾਲੇ ਲਈ ਵਿਧਾਇਕ ਦਾ ਧੰਨਵਾਦ ਕੀਤਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਮੌਜੂਦ ਸਨ |