ਸੰਗਰੂਰ, 20 ਨਵੰਬਰ (ਦਮਨਜੀਤ ਸਿੰਘ)-ਜ਼ਿਲ੍ਹਾ ਬਾਰ ਐੱਸੋਸੀਏਸ਼ਨ ਸੰਗਰੂਰ ਵਲੋਂ ਅੱਜ ਸਥਾਨਕ ਵਿਧਾਇਕ ਨਰਿੰਦਰ ਕੌਰ ਭਰਾਜ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦਿੱਲੀ-ਲੁਧਿਆਣਾ ਮੁੱਖ ਮਾਰਗ ਉੱਤੇ ਧਰਨਾ ਦੇ ਕੇ ਕਈ ਘੰਟਿਆਂ ਤੱਕ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰੱਖੀ ਗਈ | ਸੈਂਕੜਿਆਂ ਦੀ ਤਾਦਾਦ ਵਿਚ ਮੁੱਖ ਸੜਕ ਉੱਤੇ ਧਰਨਾ ਦੇ ਕੇ ਬੈਠੇ ਵਕੀਲਾਂ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਬਾਰ ਐੱਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸਕੱਤਰ ਸਿਮਰਨਦੀਪ ਸਿੰਘ ਬਲੱਗਣ ਨੇ ਦੋਸ਼ ਲਗਾਏ ਕਿ ਸਥਾਨਕ ਸੋਹੀਆ ਰੋਡ ਸਥਿਤ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਦੇ ਬਿਲਕੁਲ ਨਜ਼ਦੀਕ ਸਥਿਤ ਸੰਗਰੂਰ ਦੇ ਇਕ ਵਕੀਲ ਦੇ ਪਲਾਟ ਅੱਗੇ ਕੁਝ ਲੋਕਾਂ ਵਲੋਂ ਵਿਧਾਇਕਾ ਭਰਾਜ ਦੇ ਸ਼ਹਿ ਉੱਤੇ ਕੰਧ ਕੱਢ ਕੇ ਰਸਤਾ ਬੰਦ ਕੀਤਾ ਜਾ ਰਿਹਾ ਸੀ ਜਿਸ ਦਾ ਵਕੀਲ ਭਾਈਚਾਰੇ ਵਲੋਂ ਵਿਰੋਧ ਕੀਤਾ ਗਿਆ ਅਤੇ ਇਸ ਮਾਮਲੇ ਨੰੂ ਅਦਾਲਤ ਦੇ ਹੁਕਮਾਂ ਮੁਤਾਬਕ ਹੀ ਨਜਿੱਠਣ ਦੀ ਬੇਨਤੀ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਇਹ ਪਤਾ ਲੱਗਾ ਕਿ ਇਸ ਮਸਲੇ ਵਿਚ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਦਖ਼ਲਅੰਦਾਜ਼ੀ ਕਰ ਕੇ ਪੁਲਿਸ ਪ੍ਰਸ਼ਾਸਨ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਪ੍ਰਧਾਨ ਢੀਂਡਸਾ ਵਲੋਂ ਵਿਧਾਇਕਾ ਭਰਾਜ ਨਾਲ ਇਸ ਬਾਰੇ ਫ਼ੋਨ ਉੱਤੇ ਗੱਲ ਕੀਤੀ ਗਈ | ਪ੍ਰਧਾਨ ਢੀਂਡਸਾ ਨੇ ਕਿਹਾ ਕਿ ਵਿਧਾਇਕਾ ਨੇ ਮਸਲੇ ਨੰੂ ਸੁਲਝਾਉਣ ਦੀ ਥਾਂ ਆਪਣੇ ਕੌੜੇ ਬੋਲਾਂ ਨਾਲ ਹੋਰ ਉਲਝਾ ਦਿੱਤਾ | ਉਨ੍ਹਾਂ ਕਿਹਾ ਕਿ ਵਿਧਾਇਕ ਨੇ ਇਕ ਵਕੀਲ ਹੋਣ ਦੇ ਨਾਤੇ ਵਕੀਲਾਂ ਦੀ ਮਦਦ ਤਾਂ ਕੀ ਕਰਨੀ ਸੀ ਸਗੋਂ ਸੰਗਰੂਰ ਦੇ ਕਾਰਜਸਾਧਕ ਅਫ਼ਸਰ ਨੰੂ ਹੁਕਮ ਦਿੱਤੇ ਕਿ ਧੱਕੇ ਨਾਲ ਇਹ ਕੰਧ ਕਢਵਾਈ ਜਾਵੇ | ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਵਿਧਾਇਕਾ ਨੇ ਸਾਰੀਆਂ ਹੱਦਾ ਬੰਨ੍ਹੇ ਟੱਪ ਦਿੱਤੇ ਜਿਸ ਕਾਰਨ ਵਕੀਲਾਂ ਨੰੂ ਅੱਜ ਸੜਕਾਂ ਉੱਤੇ ਉੱਤਰਨਾ ਪਿਆ | ਪ੍ਰਧਾਨ ਨੇ ਦੱਸਿਆ ਕਿ ਇਸ ਕਾਰਵਾਈ ਤੋਂ ਨਿਰਾਸ਼ ਹੋਈ ਜ਼ਿਲ੍ਹਾ ਬਾਰ ਐੱਸੋਸੀਏਸ਼ਨ ਸੰਗਰੂਰ ਵਲੋਂ ਇਕ ਮਤਾ ਪਾ ਕੇ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਜ਼ਿਲ੍ਹਾ ਬਾਰ ਐੱਸੋ: ਸੰਗਰੂਰ ਤੋਂ ਮੈਂਬਰਸ਼ਿਪ ਖ਼ਾਰਜ ਕਰ ਦਿੱਤੀ ਗਈ ਹੈ | ਧਰਨੇ ਪ੍ਰਦਰਸ਼ਨ ਦੌਰਾਨ ਵਕੀਲ ਭਾਈਚਾਰੇ ਵਲੋਂ ਤਿੰਨ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ ਕਿ ਕੰਧ ਦੇ ਮਸਲੇ ਨੰੂ ਕਾਨੂੰਨ ਮੁਤਾਬਕ ਸੁਲਝਾਇਆ ਜਾਵੇ, ਸੋਸ਼ਲ ਮੀਡੀਆ ਉੱਤੇ ਵਕੀਲਾਂ ਖ਼ਿਲਾਫ਼ ਪੋਸਟ ਪਾਉਣ ਅਤੇ ਉਸ ਉੱਤੇ ਮਾੜੇ ਕੁਮੈਂਟ ਕਰਨ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਜਾਵੇ ਅਤੇ ਥਾਣਾ ਸਿਟੀ ਦੇ ਮੁਖੀ ਇੰਸ: ਮਨਪ੍ਰੀਤ ਸਿੰਘ ਦਾ ਤਬਾਦਲਾ ਕੀਤਾ ਜਾਵੇ | ਕਰੀਬ 2 ਘੰਟੇ ਤੋਂ ਵਧੇਰੇ ਸਮਾਂ ਧਰਨੇ ਉੱਤੇ ਬੈਠਣ ਉਪਰੰਤ ਪ੍ਰਸ਼ਾਸਨ ਵਕੀਲ ਭਾਈਚਾਰੇ ਨੰੂ ਧਰਨਾ ਸਮਾਪਤ ਕਰਨ ਲਈ ਇਹ ਕਹਿ ਕੇ ਰਾਜੀ ਕਰ ਲਿਆ ਕਿ ਕੰਧ ਦਾ ਮਸਲਾ ਕਾਨੰੂਨ ਮੁਤਾਬਕ ਸੁਲਝਾਇਆ ਜਾਵੇਗਾ, ਸੋਸ਼ਲ ਮੀਡੀਆ ਉੱਤੇ ਪਾਈ ਗਈ ਪੋਸਟ ਸੰਬੰਧੀ ਦਰਖਾਸਤ ਦਿੱਤੀ ਜਾਵੇ ਅਤੇ ਦਰਖ਼ਾਸਤ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਜਦਕਿ ਥਾਣਾ ਮੁਖੀ ਦੇ ਤਬਾਦਲੇ ਲਈ 10 ਦਿਨਾਂ ਦਾ ਸਮਾਂ ਮੰਗਿਆ ਗਿਆ |
ਵਕੀਲਾਂ ਵਲੋਂ ਜ਼ਿਲ੍ਹਾ ਬਾਰ ਦੀਆਂ ਆਗਾਮੀ ਚੋਣਾਂ ਨੰੂ ਦੇਖਦਿਆ ਇਸ ਮੁੱਦੇ ਉੱਤੇ ਕੀਤੀ ਜਾ ਰਹੀ ਹੈ ਰਾਜਨੀਤੀ -ਵਿਧਾਇਕ ਭਰਾਜ
ਸੰਗਰੂਰ - ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਜਦ ਉਨ੍ਹਾਂ ਉੱਤੇ ਲੱਗ ਰਹੇ ਦੋਸ਼ਾਂ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਕਿਸੇ ਵਕੀਲ ਜਾਂ ਜ਼ਿਲ੍ਹਾ ਬਾਰ ਐੱਸੋਸੀਏਸ਼ਨ ਦਾ ਨਹੀਂ ਸਗੋਂ ਇਕ ਨਿੱਜੀ ਪਲਾਂਟ ਦਾ ਹੈ ਪਰ ਇਸ ਮੁੱਦੇ ਉੱਤੇ ਰਾਜਨੀਤੀ ਕਰ ਰਹੇ ਵਕੀਲ ਬਿਨ੍ਹਾਂ ਵਜ੍ਹਾ ਹੀ ਉਨ੍ਹਾਂ ਨੰੂ ਇਸ ਮੁੱਦੇ ਵਿਚ ਘਸੀਟ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਉਸ ਗਲੀ ਅੰਦਰ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ ਅਤੇ ਉਦੋਂ ਤੋਂ ਹੀ ਗਲੀ ਵਿਚ ਕੰਧ ਦੇਖਦੇ ਆ ਰਹੇ ਹਨ ਪਰ ਇਕ ਪਲਾਟ ਮਾਲਕ ਵਲੋਂ ਆਪਣੇ ਨਿੱਜੀ ਹਿਤਾਂ ਕਾਰਨ ਇਸ ਕੰਧ ਨੰੂ ਢਾਹ ਦਿੱਤਾ ਗਿਆ ਅਤੇ ਫਿਰ ਗਲੀ ਵਾਲਿਆ ਵਲੋਂ ਮੁੜ ਇਹ ਕੰਧ ਬਣਾ ਦਿੱਤੀ ਗਈ ਜਿਸ ਉਪਰੰਤ ਵਕੀਲਾਂ ਵਲੋਂ ਫਿਰ ਇਸ ਕੰਧ ਨੰੂ ਢਾਹ ਦਿੱਤਾ ਗਿਆ ਤਾਂ ਇਸ ਵਿਚ ਵਿਧਾਇਕ ਦਾ ਕੀ ਲੈਣਾ ਦੇਣਾ ਹੈ ਇਹ ਉਨ੍ਹਾਂ ਨੰੂ ਖ਼ੁਦ ਸਮਝ ਨਹੀਂ ਆ ਰਿਹਾ | ਵਿਧਾਇਕ ਭਰਾਜ ਨੇ ਕਿਹਾ ਕਿ ਮਾਮਲੇ ਬਾਰੇ ਪ੍ਰਧਾਨ ਢੀਂਡਸਾ ਦਾ ਉਨ੍ਹਾਂ ਨੰੂ ਪਹਿਲਾਂ ਫ਼ੋਨ ਆਇਆ ਤਾਂ ਉਹ ਪੰਜਾਬ ਤੋਂ ਬਾਹਰ ਰਾਜਸਥਾਨ ਜਾ ਰਹੇ ਸਨ ਅਤੇ ਉਨ੍ਹਾਂ ਪ੍ਰਧਾਨ ਤੋਂ 2 ਦਿਨ ਦਾ ਸਮਾਂ ਮੰਗਿਆ ਸੀ ਫਿਰ ਜਦ 2 ਦਿਨ ਬਾਅਦ ਪ੍ਰਧਾਨ ਦਾ ਫ਼ੋਨ ਆਇਆ ਤਾਂ ਪ੍ਰਧਾਨ ਦਾ ਗੱਲ ਕਰਨ ਦਾ ਤਰੀਕਾ ਸਹੀ ਨਹੀਂ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਪ੍ਰਧਾਨ ਨੰੂ ਇਹ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਵਲੋਂ ਵਧੀਕ ਡਿਪਟੀ ਕਮਿਸ਼ਨਰ ਰਾਂਹੀ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਆਉਣ ਉਪਰੰਤ ਮਸਲਾ ਹੱਲ ਕਰ ਲਵਾਂਗੇ ਪਰ ਪ੍ਰਧਾਨ ਨੇ ਅੱਗੋਂ ਧਰਨਾ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦੇ ਕੇ ਫ਼ੋਨ ਕੱਟ ਦਿੱਤਾ | ਵਿਧਾਇਕ ਭਰਾਜ ਨੇ ਕਿਹਾ ਕਿ ਜਿੱਥੋਂ ਤੱਕ ਜ਼ਿਲ੍ਹਾ ਬਾਰ ਐੱਸੋਸੀਏਸ਼ਨ ਸੰਗਰੂਰ ਵਿਚੋਂ ਉਨ੍ਹਾਂ ਦੀ ਮੈਂਬਰੀ ਰੱਦ ਕਰਨ ਦੀ ਗੱਲ ਹੈ, ਉਹ ਕਾਨੰੂਨ ਰਾਂਹੀ ਆਪਣੀ ਮੈਂਬਰੀ ਮੁੜ ਲੈ ਲੈਣਗੇ ਕਿਉਂਕਿ ਅੱਜ ਮੈਂਬਰੀ ਰੱਦ ਕਰਨ ਦੀਆਂ ਗੱਲਾਂ ਕਰਨ ਵਾਲੇ ਪ੍ਰਧਾਨ ਸੁਖਵਿੰਦਰ ਸਿੰਘ ਢੀਂਡਸਾ ਨੇ ਬਾਰ ਐੱਸੋਸੀਏਸ਼ਨ ਦੀਆਂ ਲੰਘੀਆਂ ਚੋਣਾਂ ਵਿਚ ਉਨ੍ਹਾਂ ਦੀ ਵੋਟ ਰੱਦ ਕਰ ਦਿੱਤੀ ਸੀ ਅਤੇ ਬਾਅਦ ਵਿਚ ਵਕੀਲ ਭਾਈਚਾਰੇ ਵਲੋਂ ਉਨ੍ਹਾਂ ਪਾਸ ਆ ਕੇ ਇਸ ਗੱਲ ਦਾ ਖੇਦ ਪ੍ਰਗਟ ਕੀਤਾ ਗਿਆ ਅਤੇ ਵਕੀਲਾਂ ਵਲੋਂ ਰਾਤੋਂ ਰਾਤ ਚੰਡੀਗੜ੍ਹ ਤੋਂ ਮੁੜ ਉਨ੍ਹਾਂ ਦੀ ਵੋਟ ਬਣਵਾਈ ਗਈ | ਭਰਾਜ ਨੇ ਕਿਹਾ ਕਿ ਇਸ ਸਾਰੇ ਮਸਲੇ ਵਿਚ ਜ਼ਿਲ੍ਹਾ ਬਾਰ ਐੱਸੋਸੀਏਸ਼ਨ ਦੀਆਂ ਆਗਾਮੀ ਚੋਣਾਂ ਨੰੂ ਦੇਖਦੇ ਹੋਏ ਰਾਜਨੀਤੀ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਵਿਅਕਤੀ ਵਲੋਂ ਪਲਾਟ ਦੀ ਕੰਧ ਢਾਹੀ ਗਈ ਹੈ ਉਹ ਭਾਜਪਾ ਨਾਲ ਸੰਬੰਧਤ ਹੈ ਅਤੇ ਜਿਸ ਔਰਤ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੀ ਹੈ |
ਪ੍ਰਦਰਸ਼ਨ ਦੌਰਾਨ ਵਕੀਲਾਂ ਨੇ ਘੇਰਿਆ ਵਿੱਤ ਮੰਤਰੀ ਚੀਮਾ ਦਾ ਕਾਫ਼ਲਾ
ਸੰਗਰੂਰ - ਦਿੱਲੀ- ਲੁਧਿਆਣਾ ਮੁੱਖ ਮਾਰਗ ਸਥਾਨਕ ਹੋਟਲ ਪੂਨੀਆ ਟਾਵਰ ਲਾਗੇ ਸੜਕ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਵਕੀਲਾਂ ਦੇ ਲਾਗਿਓ ਜਿਓਾ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਾਫ਼ਲਾ ਲੰਘਣ ਲੱਗਿਆ ਤਾਂ ਰੋਸ ਵਿਚ ਆਏ ਵਕੀਲ ਚੀਮਾ ਦੀ ਗੱਡੀ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਕਾਫ਼ਲਾ ਰੋਕ ਲਿਆ | ਵਕੀਲਾਂ ਦੇ ਪ੍ਰਦਰਸ਼ਨ ਨੰੂ ਦੇਖਦਿਆਂ ਹਰਪਾਲ ਸਿੰਘ ਚੀਮਾ ਆਪਣੀ ਗੱਡੀ ਵਿਚੋਂ ਬਾਹਰ ਆ ਗਏ ਅਤੇ ਵਕੀਲਾਂ ਨਾਲ ਗੱਲਬਾਤ ਕਰਦਿਆਂ ਇਸ ਮਸਲੇ ਨੰੂ ਜਲਦ ਸੁਲਝਾਉਣ ਦਾ ਭਰੋਸਾ ਦੇ ਕੇ ਉੱਥੋਂ ਅੱਗੇ ਵੱਧ ਸਕੇ |
ਵਕੀਲਾਂ ਦੀਆਂ ਮੰਗਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀਆਂ-ਡੀ.ਐੱਸ.ਪੀ. ਸੁਖਦੇਵ ਸਿੰਘ
ਸੰਗਰੂਰ: - ਵਕੀਲਾਂ ਦੇ ਪ੍ਰਦਰਸ਼ਨ ਦੌਰਾਨ ਮੌਜੂਦ ਡੀ.ਐੱਸ.ਪੀ. ਸੰਗਰੂਰ ਸੁਖਦੇਵ ਸਿੰਘ ਨੇ ਧਰਨਾ ਪ੍ਰਦਰਸ਼ਨ ਸਮਾਪਤ ਹੋਣ ਉਪਰੰਤ ਗੱਲਬਾਤ ਕਰਦਿਆ ਦੱਸਿਆ ਕਿ ਵਕੀਲਾਂ ਵਲੋਂ ਰੱਖੀਆਂ ਗਈਆਂ ਤਿੰਨੋਂ ਮੰਗਾਂ ਨੰੂ ਉਨ੍ਹਾਂ ਵਲੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਅਤੇ ਇਨ੍ਹਾਂ ਬਾਰੇ ਉੋੱਚ ਅਧਿਕਾਰੀਆਂ ਦੇ ਜੋ ਵੀ ਹੁਕਮ ਮਿਲਣਗੇ ਉਨ੍ਹਾਂ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆ ਦਿੱਤੀ ਜਾਵੇਗੀ |
ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਨੇ ਵਿਧਾਇਕ ਭਰਾਜ ਖ਼ਿਲਾਫ਼ ਦਿੱਲੀ-ਲੁਧਿਆਣਾ ਮੁੱਖ ਮਾਰਗ 'ਤੇ ਧਰਨਾ ਦੇ ਕੇ ਕਈ ਘੰਟਿਆਂ ਤੱਕ ਰੋਕੀ ਆਵਾਜਾਈ <br/>
ਅਜੀਤ ਡੈਸਕ
21-11-2025