ਭਵਾਨੀਗੜ੍ਹ, 7 ਨਵੰਬਰ (ਲਖਵਿੰਦਰ ਪਾਲ ਗਰਗ)-ਸਕੂਲ ਵਿਚੋਂ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾਂਦਿਆਂ ਹੋਏ ਪਿੰਡ ਚੰਨੋਂ ਦੇ ਇਕ ਨਿੱਜੀ ਸਕੂਲ ਦੇ ਬਾਰ੍ਹਵੀਂ ਕਲਾਸ 'ਚ ਪੜ੍ਹਦੇ ਵਿਦਿਆਰਥੀ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਦੇਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ | ਇਸ ਘਟਨਾ ਸਬੰਧੀ ਕਾਲਾਝਾੜ ਪੁਲਿਸ ਚੌਂਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਿਮਰਨ ਸਿੰਘ ਪੁੱਤਰ ਕਿ੍ਸ਼ਨ ਸਿੰਘ ਵਾਸੀ ਪਿੰਡ ਲਲੋਛੀ ਜੋ ਕਿ ਪਿੰਡ ਚੰਨੋਂ ਵਿਖੇ ਇਕ ਨਿੱਜੀ ਸਕੂਲ 'ਚ ਬਾਰ੍ਹਵੀਂ ਕਲਾਸ 'ਚ ਪੜ੍ਹਦਾ ਸੀ | ਅੱਜ ਜਦੋਂ ਸਕੂਲ ਵਿਚੋਂ ਛੁੱਟੀ ਹੋਈ ਤਾਂ ਇਹ ਵਿਦਿਆਰਥੀ ਆਪਣੇ ਮੋਟਰਸਾਈਕਲ ਰਾਹੀ ਪਿੰਡ ਚੰਨੋਂ ਤੋਂ ਲਲੋਛੀ ਨੂੰ ਜਾ ਰਿਹਾ ਸੀ ਤਾਂ ਸੜਕ 'ਤੇ ਕਿਸੇ ਅਣਪਛਾਤੇ ਵਾਹਨ ਵਲੋਂ ਇਸ ਨੂੰ ਟੱਕਰ ਮਾਰ ਦੇਣ ਕਾਰਨ ਇਹ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਚੁੱਕ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅਣਪਛਾਤੇ ਵਾਹਨ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵਲੋਂ ਘਟਨਾ ਸਥਾਨ ਨੇੜੇ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਵੀ ਚੈੱਕ ਕੀਤੀ ਜਾ ਰਹੀ ਹੈ | ਤਾਂ ਜੋ ਅਣਪਛਾਤੇ ਵਾਹਨ ਦੀ ਪਹਿਚਾਣ ਹੋ ਸਕੇ |