ਧੂਰੀ, 7 ਨਵੰਬਰ (ਲਖਵੀਰ ਸਿੰਘ ਧਾਂਦਰਾ)-45 ਵੀਆਂ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਖੇਡਾਂ ਜੋ ਕਿ ਪਨਵਾਨ ਵਿਖੇ ਹੋਈਆਂ, ਜਿਸ ਵਿਚ ਟਗ ਆਫ਼ ਵਾਰ ਖੇਡ ਲਈ ਵੱਖ-ਵੱਖ ਸਕੂਲਾਂ ਦੇ ਵੱਖ -ਵੱਖ ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਧੂਰੀ ਦੇ ਅੰਡਰ-11 ਵਿਚ ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਬੱਚਿਆਂ ਦੀ ਟੀਮ ਨੇ ਸ਼ਾਨਦਾਰ ਟੀਮਵਰਕ ਅਤੇ ਜਜ਼ਬੇ ਨਾਲ ਨਾ ਸਿਰਫ਼ ਸੋਨੇ ਦਾ ਤਗਮਾ ਜਿੱਤਿਆ, ਸਗੋਂ ਰਾਜ ਪੱਧਰੀ ਖੇਡਾਂ ਲਈ ਵੀ ਚੁਣੇ ਗਏ | ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਸਕੂਲ ਨੂੰ ਬੱਚਿਆਂ ਦੇ ਸ਼ਾਨਦਾਰ ਕਾਮਯਾਬੀ ਤੇ ਮਾਣ ਹੈ | ਸਕੱਤਰ ਸਰਦਾਰ ਬਲਵੰਤ ਸਿੰਘ ਰੰਧਾਵਾ ਮੀਮਸਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਬੱਚਿਆਂ ਦੀ ਅਟੱਲ ਮਿਹਨਤ ਦਾ ਨਤੀਜਾ ਹੈ, ਅਤੇ ਉਹਨਾਂ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਰਦਾਰ ਸਤਿਬੀਰ ਸਿੰਘ ਨੇ ਵੀ ਬੱਚਿਆਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਅਤੇ ਕੋਚ ਦੀ ਇਹ ਮਿਹਨਤ ਭਵਿੱਖ ਵਿਚ ਹੋਰ ਵੱਡੀਆਂ ਕਾਮਯਾਬੀਆਂ ਦੀ ਨੀਂਹ ਰੱਖੇਗੀ | ਇਸ ਮੌਕੇ ਵਾਈਸ ਪਿ੍ੰਸੀਪਲ ਮਿਸਟਰ ਬਿਨੋਯ ਪੀ.ਕੇ, ਹੈੱਡ ਮਿਸਟਰੈਸ ਮੈਡਮ ਰਾਜਿੰਦਰਪਾਲ ਕੌਰ ਅਤੇ ਕੋਆਰਡੀਨੇਟਰਜ਼ ਮਨਪ੍ਰੀਤ ਕੌਰ ਓਠੀ ਅਤੇ ਸ੍ਰੀਮਤੀ ਵੀਰਪਾਲ ਕੌਰ ਵੀ ਮੌਜੂਦ ਰਹੇ |