29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ | ਤਸਵੀਰ : ਭੁੱਲਰ <br/> 27-09-2025
ਸੁਨਾਮ ਊਧਮ ਸਿੰਘ ਵਾਲਾ, 26 ਸਤੰਬਰ (ਭੁੱਲਰ, ਧਾਲੀਵਾਲ, ਸੱਗੂ) - ਸੁਨਾਮ ਸ਼ਹਿਰ ਵਿਚ ਬੁਖ਼ਾਰ ਅਤੇ ਚਿਕਨਗੁਨੀਆ ਦੇ ਸ਼ੱਕੀ ਮਾਮਲਿਆਂ ਦੇ ਮੱਦੇਨਜ਼ਰ, ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਥਿਤੀ ਦੀ ਸਮੀਖਿਆ ਕਰਨ ਅਤੇ ਤੁਰੰਤ ਲੋੜੀਂਦੀ ਕਾਰਵਾਈ ਕਰਨ ਲਈ ਵੀਡੀਓ ਕਾਨਫ਼ਰੰਸ ਜ਼ਰੀਏ ਵਰਚੂਅਲ ਮੀਟਿੰਗ ਕੀਤੀ | ਮੀਟਿੰਗ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਕੱਤਰ ਸਿਹਤ ਸ਼੍ਰੀ ਕੁਮਾਰ ਰਾਹੁਲ, ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰ. ਕੁਲਵੰਤ ਸਿੰਘ, ਸਿਹਤ ਡਾਇਰੈਕਟਰ ਡਾਕਟਰ ਹਿਤੇਂਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਅਮਿਤ ਬੈਂਬੀ, ਸੀ.ਐਮ.ਓ. ਸੰਗਰੂਰ ਡਾ. ਅਮਰਜੀਤ ਕੌਰ, ਜ਼ਿਲ੍ਹਾ ਐਪੇਡੀਮੌਲੋਜਿਸਟ ਡਾ. ਉਪਾਸਨਾ, ਐਸ.ਡੀ.ਐਮ. ਸੁਨਾਮ ਡਾ. ਪ੍ਰਮੋਦ ਸਿੰਗਲਾ, ਇੰਚਾਰਜ ਐਸ.ਐਮ.ਓ. ਸੁਨਾਮ ਡਾ. ਅਮਿਤ ਸਿੰਗਲਾ, ਡਾ. ਰਾਹੁਲ ਗੁਪਤਾ (ਐਮ.ਡੀ. ਮੈਡੀਸਨ), ਡਾ. ਹਿਮਾਂਸ਼ੂ (ਐਮ.ਡੀ. ਮੈਡੀਸਨ), ਡਾ. ਇੰਦਰਮੰਜੋਤ ਸਿੰਘ (ਐਮ.ਡੀ. ਪੀਡੀਆਟਿ੍ਕਸ), ਡਾ. ਪ੍ਰਭਜੋਤ ਸਿੰਘ (ਨੋਡਲ ਅਫ਼ਸਰ), ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਸ਼੍ਰੀ ਜਤਿੰਦਰ ਜੈਨ ਦੇ ਨਾਲ ਨਾਲ ਸਿਹਤ, ਸਿਵਲ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਹੋਰ ਅਧਿਕਾਰੀ ਮੌਜੂਦ ਸਨ | ਮੀਟਿੰਗ ਦੌਰਾਨ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਦੇ ਲੋਕਾਂ ਦੀ ਸਿਹਤ ਸਥਿਤੀ 'ਤੇ ਸਰਗਰਮ ਅਤੇ ਬਹੁ-ਵਿਭਾਗੀ ਪਹੁੰਚ ਅਪਣਾਉਣ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਨਿਗਰਾਨੀ ਅਤੇ ਵਾਰਡ-ਵਾਰ ਬੁਖ਼ਾਰ ਸਰਵੇਖਣ ਤੀਬਰ ਕੀਤੇ ਜਾਣ, ਹਸਪਤਾਲਾਂ ਵਿਚ ਦਵਾਈਆਂ, ਡਾਇਗਨੋਸਟਿਕ ਕਿਟਾਂ ਅਤੇ ਮੈਨਪਾਵਰ ਦੀ 24 ਘੰਟੇ ਉਪਲਬਧਤਾ ਯਕੀਨੀ ਬਣਾਈ ਜਾਵੇ ਅਤੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਅਤੇ ਸਮੇਂ-ਸਿਰ ਇਲਾਜ ਲਈ ਜਾਗਰੂਕ ਕਰਨ ਲਈ ਕਮਿਊਨਿਟੀ ਪੱਧਰ 'ਤੇ ਵਿਸਥਾਰਤ ਜਾਗਰੂਕਤਾ ਮੁਹਿੰਮ ਚਲਾਈ ਜਾਵੇ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਵਿਭਾਗ ਵਲੋਂ ਪੂਰਾ ਸਹਿਯੋਗ ਯਕੀਨੀ ਬਣਾਉਣ ਦਾ ਭਰੋਸਾ ਦਵਾਇਆ ਅਤੇ ਜਲਦੀ ਪਛਾਣ ਅਤੇ ਸਮੇਂ-ਸਿਰ ਇਲਾਜ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ | ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਸੁਨਾਮ ਵਿਚ ਪੈਦਾ ਹੋਈ ਸਥਿਤੀ ਨੂੰ ਵੀ ਜਲਦ ਹੀ ਪੂਰੀ ਤਰ੍ਹਾਂ ਕਾਬੂ ਵਿਚ ਕਰ ਲਿਆ ਜਾਵੇਗਾ, ਉਨ੍ਹਾਂ ਕਿਹਾ ਕਿ ਹੁਣ ਅਜਿਹੇ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ | ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਦੱਸਿਆ ਕਿ ਸੁਨਾਮ 'ਚ ਫੌਗਿੰਗ ਵਿਆਪਕ ਪੱਧਰ ਉੱਤੇ ਜਾਰੀ ਹੈ | ਸੈਨੀਟੇਸ਼ਨ ਅਤੇ ਵੈਕਟਰ ਕੰਟਰੋਲ ਮੁਹਿੰਮਾਂ ਵੀ ਜੰਗੀ ਪੱਧਰ ਉੱਤੇ ਜਾਰੀ ਹਨ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੁਹਰਾਇਆ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਅਧਿਕਾਰੀ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਅਲਰਟ 'ਤੇ ਰਹਿਣ | ਉਨ੍ਹਾਂ ਨੇ ਭਰੋਸਾ ਦਵਾਇਆ ਕਿ ਰਾਜ ਸਰਕਾਰ ਲੋਕ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਚੁਨੌਤੀ ਦਾ ਮੁਕਾਬਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਉਨ੍ਹਾਂ ਲੋਕਾਂ ਨੂੰ ਇਸ ਸੰਬੰਧੀ ਸਾਹਮਣੇ ਆ ਰਹੀਆਂ ਅਫ਼ਵਾਹਾਂ ਤੋਂ ਵੀ ਸੁਚੇਤ ਰਹਿਣ ਲਈ ਕਿਹਾ | ਮੀਟਿੰਗ ਦਾ ਸਮਾਪਨ ਪ੍ਰਸ਼ਨ-ਉੱਤਰ ਸੈਸ਼ਨ ਨਾਲ ਹੋਇਆ, ਜਿਸ ਦੌਰਾਨ ਸਾਰੇ ਸਬੰਧਤ ਵਿਅਕਤੀਆਂ ਦੀ ਜ਼ਿੰਮੇਵਾਰੀ ਸਪਸ਼ਟ ਤੌਰ 'ਤੇ ਨਿਰਧਾਰਿਤ ਕੀਤੀ ਗਈ | ਸ਼੍ਰੀ ਅਰੋੜਾ ਨੇ ਸੁਨਾਮ ਵਾਸੀਆਂ ਨੂੰ ਹੋਰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਆਪਣੇ ਮੀਡੀਆ ਕੋਆਰਡੀਨੇਟਰ ਸ਼੍ਰੀ ਜਤਿੰਦਰ ਜੈਨ ਦੀ ਸਮੂਹ ਵਿਭਾਗਾਂ ਨਾਲ ਤਾਲਮੇਲ ਕਰਨ ਅਤੇ ਸਥਿਤੀ ਉੱਤੇ ਨਿੱਜੀ ਤੌਰ ਉੱਤੇ ਨਜ਼ਰ ਰੱਖਣ ਦੀ ਵੀ ਡਿਊਟੀ ਲਗਾਈ |

ਪਿਛਲੀ ਖ਼ਬਰ ਪਸ਼ੂਆਂ ਦੀ ਸਾਰੀਆਂ ਦਵਾਈਆਂ ਰੇਟ ਘਟਾ ਕੇ ਵੇਚੀਆਂ ਜਾਣ-ਐਸੋਸੀਏਸ਼ਨ ਅਗਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਨੇ ਦੂਜੇ ਦਿਨ ਵੀ ਕੰਮ ਬੰਦ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।