ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ)-1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀ ਹੋਈ ਮੀਟਿੰਗ ਵਿਚ ਪਿਛਲੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਵਲੋਂ ਭਰਤੀ ਨੂੰ ਰੱਦ ਕਰਨ ਦੇ ਫ਼ੈਸਲਿਆਂ ਬਾਰੇ ਚਰਚਾ ਕੀਤੀ ਗਈ | ਡਾਕਟਰ ਕਰਮਜੀਤ ਸਿੰਘ, ਡਾਕਟਰ ਸੋਹੇਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਾਨਯੋਗ ਅਦਾਲਤ ਵਲੋਂ ਕੀਤੇ ਗਏ ਫ਼ੈਸਲੇ ਦੇ ਕਾਨੂੰਨੀ ਪੱਖਾ ਨੂੰ ਵਿਚਾਰਿਆ ਗਿਆ ਤੇ ਮੁੱਖ ਮੰਤਰੀ ਨਿਵਾਸ ਬਾਹਰ 18 ਜੁਲਾਈ ਨੂੰ ਰੋਸ ਪ੍ਰਦਰਸ਼ਨ ਦਾ ਫੈਸਲਾ ਕੀਤਾ ਗਿਆ | ਡਾਕਟਰ ਸੋਹੇਲ ਨੇ ਸੁਪਰੀਮ ਕੋਰਟ ਵਲੋਂ 1158 ਸਹਾਇਕ ਪ੍ਰੋਫੈਸਰ, ਲਾਇਬ੍ਰੇਰੀਅਨ ਭਰਤੀ ਨੂੰ ਰੱਦ ਕਰਨ ਦਾ ਫੈਸਲਾ ਮੰਦਭਾਗਾ ਹੈ | ਇਹ ਫੈਸਲਾ ਸਿਰਫ਼ ਉਮੀਦਵਾਰਾਂ ਜਾ ਉਨ੍ਹਾਂ ਦੇ ਪਰਿਵਾਰਾਂ ਖ਼ਿਲਾਫ਼ ਨਹੀ ਬਲਕਿ ਪੰਜਾਬ ਦੀ ਉਚੇਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਭਵਿੱਖ ਖ਼ਿਲਾਫ਼ ਵੀ ਹੈ | ਡਾਕਟਰ ਜਸਪ੍ਰੀਤ ਸਿੰਘ ਸਿਵੀਆ ਨੇ ਕਿਹਾ ਕਿ ਇਸ ਭਰਤੀ ਦੇ ਇਸ਼ਤਿਹਾਰ ਨੂੰ ਜਾਰੀ ਕਰਵਾਉਣ ਤੋਂ ਲੈ ਕੇ ਉਮੀਦਵਾਰਾਂ ਦੀ ਨਿਯੁਕਤੀ ਤੱਕ ਹਰ ਪੜਾਅ ਸੰਘਰਸ਼ ਦੇ ਸਿਰ ਦੇ ਪਾਰ ਕੀਤਾ ਹੈ | ਜਸਕਰਨ ਸਿੰਘ ਦੇ ਕੀਤੇ ਮੰਚ ਸੰਚਾਲਨ ਦੌਰਾਨ ਪਿ੍ਤਪਾਲ, ਡਾਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਹੱਕੀ ਮੰਗਾ ਪੂਰੀਆਂ ਨਹੀ ਹੁੰਦੀਆਂ ਤਦ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ |