ਮੋਗਾ, ਧਰਮਕੋਟ, 3 ਦਸੰਬਰ (ਸੁਰਿੰਦਰਪਾਲ ਸਿੰਘ, ਪਰਮਜੀਤ ਸਿੰਘ)-14 ਦਸੰਬਰ ਨੂੰ ਪੰਜਾਬ 'ਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮ ਤੇਜ਼ ਕਰ ਦਿੱਤੀਆਂ ਹਨ ਤੇ ਇਨ੍ਹਾਂ ਚੋਣਾਂ ਸਬੰਧੀ 4 ਦਸੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ | 5 ਦਸੰਬਰ ਨੂੰ ਭਰੀਆਂ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ 6 ਦਸੰਬਰ ਨੂੰ ਉਮੀਦਵਾਰ ਆਪਣੇ ਨਾਂਅ ਵਾਪਸ ਲੈ ਸਕਦੇ ਹਨ | ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਧਰਮਕੋਟ ਵਿਚ ਪੈਂਦੇ ਚਾਰ ਜ਼ਿਲ੍ਹਾ ਪ੍ਰੀਸ਼ਦ ਹਲਕਿਆਂ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਜਿਸ ਵਿਚ ਜ਼ੋਨ ਨੰਬਰ 12 ਕੜਾਹੇ ਵਾਲਾ ਤੋਂ ਸੁਰਿੰਦਰ ਕੌਰ ਪਤਨੀ ਨਿਸ਼ਾਨ ਸਿੰਘ ਮੂਸੇਵਾਲਾ, ਜ਼ੋਨ ਨੰਬਰ 13 ਗਲੋਟੀ ਤੋਂ ਜਸਵੰਤ ਸਿੰਘ, ਜ਼ੋਨ ਨੰਬਰ 14 ਮਹਿਣਾ ਤੋਂ ਸ਼ਿੰਦਰਪਾਲ ਸਿੰਘ ਦੁਸਾਂਝ, ਜ਼ੋਨ ਨੰਬਰ 15 ਜਲਾਲਾਬਾਦ ਪੂਰਬੀ ਤੋਂ ਜਗਵੀਰ ਕੌਰ ਪਤਨੀ ਪਰਮਜੀਤ ਸਿੰਘ ਵਿਰਕ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਰਜਿੰਦਰ ਸਿੰਘ ਡੱਲਾ ਸੀਨੀਅਰ ਆਗੂ, ਬਲਜੀਤ ਸਿੰਘ ਕਿਲੀ ਗਾਂਧਰਾ ਸੀਨੀਅਰ ਆਗੂ, ਗੁਰਮੀਤ ਸਿੰਘ ਗਗੜਾ ਸਾਬਕਾ ਸਰਪੰਚ ਦੀ ਹਾਜ਼ਰੀ ਵਿਚ ਪ੍ਰਜਾਈਡਿੰਗ ਅਫ਼ਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਰਾਜਵਿੰਦਰ ਸਿੰਘ ਧਰਮਕੋਟ ਤੇ ਰਜਿੰਦਰ ਸਿੰਘ ਡੱਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਹਲਕਾ ਧਰਮਕੋਟ ਅਧੀਨ ਆਉਂਦੇ ਚਾਰ ਜ਼ਿਲ੍ਹਾ ਪ੍ਰੀਸ਼ਦ ਹਲਕਿਆਂ ਤੋਂ ਅਕਾਲੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ |