ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਤੋਂ ਆਮ ਲੋਕਾਂ ਨੂੰ ਬਿਲਕੁਲ ਵਾਂਝੇ ਕਰਨ ਅਤੇ ਸਿਹਤ ਸੇਵਾਵਾਂ ਦਾ ਖੇਤਰ ਨਿੱਜੀ ਹੱਥਾਂ ਵਿਚ ਦੇਣ ਦੀਆਂ ਚਾਲਾਂ ਵਿਰੁੱਧ ਮੋਗਾ ਵਿਖੇ ਡਾ. ਗਗਨਦੀਪ ਸਿੰਘ ਮੋਗਾ ਰਿਟਾਇਰਡ ਐਸ.ਐਮ.ਓ., ਡਾ. ਇੰਦਰਵੀਰ ਗਿੱਲ ਰਿਟਾਇਰਡ ਐਸ.ਐਮ.ਓ. ਅਤੇ ਕੁਲਬੀਰ ਸਿੰਘ ਢਿੱਲੋਂ ਪੈਰਾ ਮੈਡੀਕਲ ਆਗੂ ਦੀ ਅਗਵਾਈ ਵਿਚ ਇੱਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਸਿਹਤ ਸੇਵਾਵਾਂ ਵਿਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਤੋਂ ਬਿਨਾਂ ਹੋਰ ਵੀ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਪੀ.ਪੀ.ਪੀ. ਮੋਡ ਤਹਿਤ ਨਿੱਜੀਕਰਨ ਦੀ ਪ੍ਰਕਿਰਿਆ ਸਰਕਾਰ ਵਲੋਂ ਤੇਜ਼ ਕਰਨ ਦੀ ਚਰਚਾ ਹੈ ਜਿਸ ਤਹਿਤ ਪਹਿਲਾਂ ਮੋਗਾ, ਫ਼ਿਰੋਜ਼ਪੁਰ, ਰਾਜਪੁਰਾ, ਗੁਰਦਾਸਪੁਰ ਅਤੇ ਮੂਨਕ ਦੇ ਸਿਵਲ ਹਸਪਤਾਲਾਂ ਨੂੰ ਨਿੱਜੀ ਖੇਤਰ ਵਿਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਦੇ ਵਿਚ ਖੋਲ੍ਹੇ ਜਾਣ ਵਾਲੇ ਨਵੇਂ ਮੈਡੀਕਲ ਕਾਲਜਾਂ ਨੂੰ ਵੀ ਨਿੱਜੀ ਖੇਤਰ ਰਾਹੀਂ ਲਿਆਉਣ ਦੀ ਚਰਚਾ ਹੈ | ਇਹ ਕੰਮ ਪੰਜਾਬ ਸਰਕਾਰ ਵਲੋਂ ਇਨਫਰਾਸਟਕਚਰ ਵਿਕਾਸ ਬੋਰਡ ਰਾਹੀਂ ਕੀਤਾ ਜਾ ਰਿਹਾ ਤੇ ਇਸ ਗੱਲ ਨੂੰ ਅੱਗੇ ਵਧਾਉਂਦਿਆਂ ਸਰਕਾਰ ਵਲੋਂ ਕੁਝ ਟੈਂਡਰ ਵੀ ਜਾਰੀ ਕੀਤੇ ਗਏ ਹਨ ਅਤੇ ਕੁਝ ਹਸਪਤਾਲਾਂ ਦਾ ਸਰਵੇ ਟੀਮਾਂ ਵਲੋਂ ਸਰਵੇ ਵੀ ਕੀਤਾ ਜਾ ਚੁੱਕਾ ਹੈ | ਪੰਜਾਬ ਦੇ ਗ਼ਰੀਬ ਅਤੇ ਘੱਟ ਆਮਦਨ ਵਾਲੇ ਲੋਕ ਜਿਹੜੇ ਕਿ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਨਹੀਂ ਜਾ ਸਕਦੇ ਅਤੇ ਸਰਕਾਰੀ ਹਸਪਤਾਲ ਉਨ੍ਹਾਂ ਲਈ ਸਹਾਰਾ ਹਨ ਪਰ ਪੰਜਾਬ ਸਰਕਾਰ ਵਲੋਂ ਅਜਿਹੀਆਂ ਨੀਤੀਆਂ 'ਤੇ ਚੱਲਣ ਨਾਲ ਅਜਿਹੇ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ ਰਹਿ ਕੇ ਮੌਤ ਦੇ ਮੂੰਹ ਵੱਲ ਹੀ ਜਾਣਗੇ | ਇਸ ਮੀਟਿੰਗ ਵਿਚ ਉਪਰੋਕਤ ਸਾਰੇ ਮਾਮਲੇ ਨੂੰ ਧਿਆਨ 'ਚ ਰੱਖਦਿਆਂ ਸਿਹਤ ਸੇਵਾਵਾਂ ਬਚਾਓ ਸੰਘਰਸ਼ ਕਮੇਟੀ ਮੋਗਾ ਦਾ ਗਠਨ ਕੀਤਾ ਗਿਆ ਜਿਸ ਦਾ ਮਕਸਦ ਸਿਹਤ ਸੇਵਾਵਾਂ ਨੂੰ ਬਚਾਉਣ ਦੇ ਨਾਲ-ਨਾਲ ਇਹ ਸਾਰਾ ਮਸਲਾ ਆਮ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਜਾਣ ਦਾ ਹੈ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 28 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ 10:30 ਵਜੇ ਮੋਗਾ ਵਿਖੇ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕਨਵੈਨਸ਼ਨ ਕਰਨ ਉਪਰੰਤ ਬਾਜ਼ਾਰ ਵਿਚ ਮੁਜ਼ਾਹਰਾ ਕੀਤਾ ਜਾਵੇਗਾ | ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਫ਼ੀਲਡ ਅਫ਼ਸਰ ਗਗਨਦੀਪ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਚੁਣੀ ਗਈ ਕਮੇਟੀ ਵਿਚ ਡਾ. ਗਗਨਦੀਪ ਸਿੰਘ ਮੋਗਾ ਨੂੰ ਕਨਵੀਨਰ, ਕੁਲਬੀਰ ਸਿੰਘ ਢਿੱਲੋਂ, ਡਾ. ਇੰਦਰਵੀਰ ਗਿੱਲ ਅਤੇ ਡਾ. ਗਗਨਦੀਪ ਸਿੰਘ ਸਿੱਧੂ ਕੋ-ਕਨਵੀਨਰ, ਰਘਬੀਰ ਸਿੰਘ ਜਰਨਲ ਸਕੱਤਰ, ਸੁਰਿੰਦਰਪਾਲ ਸਿੰਘ ਸਕੱਤਰ, ਜਸਵਿੰਦਰ ਸਿੰਘ ਕੈਸ਼ੀਅਰ, ਸੰਦੀਪ ਕੌਰ ਸਹਾਇਕ ਕੈਸ਼ੀਅਰ, ਡਾ. ਉਪਿੰਦਰ ਸਿੰਘ ਪ੍ਰੈੱਸ ਸਕੱਤਰ, ਪਰਮਿੰਦਰ ਸਿੰਘ, ਹਰਦੀਪ ਸਿੰਘ ਤੇ ਚਮਕੌਰ ਸਿੰਘ ਇੰਚਾਰਜ ਆਈ.ਟੀ. ਸੈੱਲ ਸਰਬਸੰਮਤੀ ਨਾਲ ਚੁਣੇ ਗਏ | ਇਸ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਵਲੋਂ ਡਾ. ਸਿਮਰਨ ਧਾਲੀਵਾਲ ਪੀ.ਸੀ. ਐਮ.ਐਸ. ਆਗੂ, ਡਾ. ਅਰਬਾਜ਼ ਗਿੱਲ, ਪੀ.ਸੀ.ਐਮ.ਐਸ. ਆਗੂ ਗੁਰਜੀਤ ਕੌਰ, ਦਵਿੰਦਰ ਸਿੰਘ, ਗੁਰਅਮਰਪ੍ਰੀਤ ਸਿੰਘ, ਕਰਮਜੀਤ ਸਿੰਘ ਮਾਣੂੰਕੇ ਆਗੂ ਨੌਜਵਾਨ ਭਾਰਤ ਸਭਾ, ਕਾਮਰੇਡ ਕੁਲਦੀਪ ਸਿੰਘ ਭੋਲਾ ਗਿੱਲ ਸਕੱਤਰ ਸੀ.ਪੀ.ਆਈ., ਜਗਸੀਰ ਸਿੰਘ ਖੋਸਾ ਸਕੱਤਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਇੰਜੀਨੀਅਰ ਸਵਰਨ ਸਿੰਘ ਖੋਸਾ ਐਪਸੋ ਆਗੂ, ਮਾਸਟਰ ਪ੍ਰੇਮ ਸਿੰਘ ਆਗੂ ਪੰਜਾਬ ਪੈਨਸ਼ਨਰ ਐਸੋਸੀਏਸ਼ਨ, ਅਮਰਦੀਪ ਸਿੰਘ, ਜਗਰੂਪ ਸਿੰਘ ਢੁੱਡੀਕੇ, ਨਵਦੀਪ ਕੌਰ, ਰਜਿੰਦਰ ਕੌਰ, ਰਾਜ ਕੁਮਾਰ, ਹਰਬੰਸ ਸਾਗਰ, ਡਾ. ਹਰਨੇਕ ਸਿੰਘ ਰੋਡੇ, ਜਸਵਿੰਦਰ ਸਿੰਘ ਮਟਵਾਣੀ ਰਿਟਾਇਰਡ ਸੁਪਰਡੈਂਟ, ਸਾਹਿਲ ਕੁਮਾਰ ਆਦਿ ਆਗੂ ਕਮੇਟੀ ਮੈਂਬਰ ਚੁਣੇ ਗਏ |