ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਵਿਚ ਅੱਜ ਕਰਵਾਈ ਏਕਤਾ ਯਾਤਰਾ ਨੇ ਜਾਤ ਅਤੇ ਧਰਮ ਦੇ ਆਧਾਰ 'ਤੇ ਸਾਰੇ ਵਿਤਕਰਿਆਂ ਨੂੰ ਪਾਰ ਕਰ ਕੇ ਇਤਿਹਾਸ ਰਚ ਕੇ ਇਕ ਸੰਯੁਕਤ ਭਾਰਤ ਦੇ ਸੁਪਨੇ ਨੂੰ ਪੂਰਾ ਕੀਤਾ | ਇਸ ਇਤਿਹਾਸਕ ਮਾਰਚ ਵਿਚ ਪ੍ਰਮੁੱਖ ਨਾਗਰਿਕਾਂ, ਸਮਾਜਿਕ ਸੰਗਠਨਾਂ ਅਤੇ ਉਤਸ਼ਾਹੀ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਮਾਗਮ ਦੀ ਮੁੱਖ ਮਹਿਮਾਨ ਤੇ ਰਾਜ ਸਭਾ ਮੈਂਬਰ ਕਲਪਨਾ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਦਾਰ ਪਟੇਲ ਨੇ ਨਾ ਸਿਰਫ਼ ਰਿਆਸਤਾਂ ਨੂੰ , ਸਗੋਂ ਲੋਕਾਂ ਦੇ ਦਿਲਾਂ ਨੂੰ ਵੀ ਇੱਕਜੁੱਟ ਕੀਤਾ | ਅੱਜ ਦੀ ਯਾਤਰਾ ਉਨ੍ਹਾਂ ਆਦਰਸ਼ਾਂ ਦੀ ਪਾਲਣਾ ਕਰ ਕੇ ਸਮਾਜ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰ ਰਹੀ ਹੈ | ਇਹ ਪੰਜਾਬ ਦੀ ਧਰਤੀ ਹੈ, ਜਿੱਥੋਂ ਏਕਤਾ ਦੀ ਇਹ ਮਸ਼ਾਲ ਪੂਰੇ ਦੇਸ਼ ਨੂੰ ਰੌਸ਼ਨ ਕਰੇਗੀ | ਭਾਜਪਾ ਵਪਾਰ ਸੈੱਲ ਪੰਜਾਬ ਦੇ ਉਪ ਪ੍ਰਧਾਨ ਅਤੇ ਸਮਾਜ ਸੇਵੀ ਦੇਵ ਪਿ੍ਆ ਤਿਆਗੀ ਨੇ ਕਿਹਾ ਇਹ ਯਾਤਰਾ ਸਿਰਫ਼ ਇਕ ਸਮਾਗਮ ਨਹੀਂ ਹੈ, ਸਗੋਂ ਇਕ ਸਮਾਜਿਕ ਸੰਦੇਸ਼ ਹੈ | ਭਾਜਪਾ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਡਾ. ਹਰਜੋਤ ਕਮਲ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਹ ਦੇਸ਼ ਭਗਤੀ ਦੀ ਭਾਵਨਾ ਹੈ ਜੋ ਸਾਨੂੰ ਇਕ ਦੂਜੇ ਨਾਲ ਜੋੜਦੀ ਹੈ | ਇਸ ਮੌਕੇ ਪੰਡਤ ਨੰਦ ਲਾਲ, ਸੁਸ਼ੀਲ ਮਿੱਢਾ, ਐਸ.ਕੇ. ਬਾਂਸਲ, ਪ੍ਰੇਮਨਾਥ ਮਿੱਤਲ, ਭਾਵਨਾ ਬਾਂਸਲ, ਰੀਮਾ ਰਾਣੀ, ਬਜਰੰਗ ਦਲ ਦੇ ਸ਼ੁਭਮ ਸ਼ਰਮਾ, ਨਰੇਸ਼ ਬੋਹਤ, ਵਿਕਾਸ ਕਪੂਰ, ਇਸਕੋਨ ਪ੍ਰਚਾਰ ਸੰਮਤੀ ਮੋਗਾ, ਉਮਾਕਾਂਤ, ਸ਼ਸ਼ੀਕਾਂਤ, ਅਮਿਤ ਗੁਪਤਾ, ਰਾਜਪਾਲ ਰਾਜਪੂਤ, ਹੈਪੀ, ਸੋਨੀ ਭੱਟੀ, ਸਾਬਕਾ ਸਰਪੰਚ ਲਖਵੰਤ ਸਿੰਘ, ਮਹਿਲਾ ਮੋਰਚਾ ਤੋਂ ਮਨਿੰਦਰ ਕੌਰ, ਗੀਤਾ ਨੰਦਾ ਆਰੀਆ, ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ, ਹਰਮਨਦੀਪ ਮਿੱਠਾ, ਸਤਨਾਮ ਸਿੰਘ ਸਮੇਤ ਸ਼ਹਿਰ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਯਾਤਰਾ ਨੂੰ ਇਤਿਹਾਸਕ ਬਣਾਇਆ |