ਮੋਗਾ, 20 ਜੁਲਾਈ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਵਲੋਂ ਪ੍ਰਾਈਮ ਫਾਰਮ ਮੋਗਾ ਵਿਖੇ ਕੀਤੀ ਸੰਵਿਧਾਨ ਬਚਾਓ ਰੈਲੀ ਸਿਆਸੀ ਰੂਪ 'ਚ ਕਾਫ਼ੀ ਮਹੱਤਵਪੂਰਨ ਤੇ ਨਜ਼ਰੀਆ ਬਦਲਣ ਵਾਲੀ ਸਾਬਤ ਹੋਈ | ਰੈਲੀ 'ਚ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਵਰਕਰਾਂ, ਆਗੂਆਂ ਅਤੇ ਸੂਬਾ ਪੱਧਰੀ ਲੀਡਰਸ਼ਿਪ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਵਿਸ਼ੇਸ਼ ਤੌਰ 'ਤੇ ਸ਼ਹਿਰ ਤੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੈਂ ਦਿਲੋਂ ਆਪਣੇ ਹਰ ਇਕ ਵਰਕਰ, ਸਹਿਯੋਗੀ ਤੇ ਆਗੂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੀ ਮਿਹਨਤ ਤੇ ਸਮਰਪਣ ਨਾਲ ਇਸ ਰੈਲੀ ਨੂੰ ਇਤਿਹਾਸਿਕ ਬਣਾਇਆ | ਉਨ੍ਹਾਂ ਕਿਹਾ ਜੋ ਇਕੱਠ ਹੋਇਆ ਹੈ, ਇਹ ਸਿਰਫ਼ ਰੈਲੀ ਨਹੀਂ ਸੀ, ਇਹ ਇਕ ਜ਼ਬਰਦਸਤ ਸੰਕੇਤ ਸੀ ਕਿ ਮੋਗਾ ਜ਼ਿਲ੍ਹੇ ਦੀਆਂ ਚਾਰੇ ਸੀਟਾਂ 'ਤੇ 2027 ਵਿਚ ਕਾਂਗਰਸ ਦੀ ਜਿੱਤ ਤੈਅ ਹੈ | ਮਾਲਵਿਕਾ ਸੂਦ ਨੇ ਦੱਸਿਆ ਕਿ ਪੰਜਾਬ ਦੇ ਲੋਕ ਹੁਣ ਮੌਜੂਦਾ ਸੱਤਾਧਾਰੀ ਪਾਰਟੀ ਤੋਂ ਅੱਕ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੋਕ ਬੇਸਬਰੀ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ, ਤਾਂ ਜੋ ਆਪਣੇ ਮਤ ਅਧਿਕਾਰ ਰਾਹੀਂ ਤਬਦੀਲੀ ਲਿਆ ਸਕਣ |