29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਗੈਸਟ ਪ੍ਰੋਫੈਸਰਾਂ ਵਲੋਂ ਤਨਖ਼ਾਹਾਂ ਜਾਰੀ ਕਰਨ ਲਈ ਮੁੱਖ ਮੰਤਰੀ ਨੂੰ ਗੁਹਾਰ

ਅਜੀਤ ਡੈਸਕ 19-07-2025
ਅਜੀਤਵਾਲ, 18 ਜੁਲਾਈ (ਹਰਦੇਵ ਸਿੰਘ ਮਾਨ)-ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਰੋਕੀਆਂ ਗਈਆਂ ਤਨਖ਼ਾਹਾਂ ਜਲਦ ਜਾਰੀ ਕੀਤੀਆਂ ਜਾਣ | ਗੈੱਸਟ ਫੈਕਲਟੀ ਸੰਯੁਕਤ ਫ਼ਰੰਟ ਸਰਕਾਰੀ ਕਾਲਜ ਪੰਜਾਬ ਦੇ ਸੂਬਾਈ ਆਗੂ ਡਾ. ਰਵਿੰਦਰ ਸਿੰਘ ਮਾਨਸਾ, ਪ੍ਰੋ. ਗੁਰਸੇਵ ਸਿੰਘ ਪਟਿਆਲਾ, ਡਾ. ਪਰਮਜੀਤ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ ਤੇ ਪ੍ਰੋ. ਮੁਹੰਮਦ ਤਨਵੀਰ ਸੰਗਰੂਰ ਨੇ ਦੱਸਿਆ ਕਿ ਨਵੇਂ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਕਰਨ ਸਮੇਂ ਗੈੱਸਟ ਪ੍ਰੋਫੈਸਰਾਂ ਨਾਲ ਵੱਡਾ ਧਰੋਹ ਕਮਾਇਆ ਗਿਆ ਹੈ, ਕਿਉਂਕਿ ਨਵਿਆਂ ਨੂੰ ਪਹਿਲਾਂ ਲੱਗੇ ਗੈੱਸਟ ਪ੍ਰੋਫੈਸਰਾਂ ਦੀ ਅਸਾਮੀਆਂ 'ਤੇ ਲਗਾ ਦਿੱਤਾ ਗਿਆ, ਅਜਿਹਾ ਹੋਣ ਨਾਲ ਪ੍ਰਭਾਵਿਤ ਹੋਣ ਵਾਲੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਤਨਖ਼ਾਹ ਕਾਲਜ ਪ੍ਰਬੰਧਕਾਂ ਵਲੋਂ ਜਾਰੀ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਗੈੱਸਟ ਪ੍ਰੋਫੈਸਰ ਫ਼ਾਕੇ ਕੱਟਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਮੰਚਾਂ ਤੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਕਿਸੇ ਵੀ ਮੁਲਾਜ਼ਮ ਦਾ ਚੁੱਲ੍ਹਾ ਬੁਝਣ ਨਹੀਂ ਦੇਣਾ ਪਰ ਗੈੱਸਟ ਪ੍ਰੋਫੈਸਰਾਂ ਦੇ ਚੁੱਲ੍ਹੇ ਪਿਛਲੇ ਛੇ ਮਹੀਨਿਆਂ ਤੋਂ ਠੰਢੇ ਪਏ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਫ਼ਰੰਟ ਆਗੂਆਂ ਨਾਲ ਵਾਅਦੇ ਜ਼ਰੂਰ ਕੀਤੇ ਗਏ, ਪਰ ਇਨ੍ਹਾਂ ਨੂੰ ਪੂਰਾ ਕਰਨ ਵਿਚ ਮੰਤਰੀ ਅਸਮਰਥ ਰਹੇ ਹਨ | ਫ਼ਰੰਟ ਆਗੂਆਂ ਨੇ ਕਿਹਾ ਕਿ ਪਹਿਲ ਦੇ ਅਧਾਰ 'ਤੇ ਪ੍ਰਭਾਵਿਤ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ | ਸਰਕਾਰੀ ਕਾਲਜ ਢੁੱਡੀਕੇ ਵਿਖੇ ਕੰਮ ਕਰਦੇ ਗੈੱਸਟ ਪ੍ਰੋਫੈਸਰਾਂ ਅਰਸ਼ਦੀਪ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਸੁਮਨ ਬਾਲਾ, ਸੁਖਵਿੰਦਰ ਕੌਰ, ਸੁਮੀਤ ਸਿੰਘ ਤੇ ਮੇਜਰ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਤੇ ਭਵਿੱਖ ਸਰਕਾਰੀ ਕਾਲਜਾ ਨੂੰ ਦੇ ਕੇ ਇਨ੍ਹਾਂ ਦੀ ਹੋਂਦ ਨੂੰ ਸੁਰੱਖਿਅਤ ਰੱਖਿਆ ਹੈ, ਜਿਸ ਲਈ ਗੈੱਸਟ ਪ੍ਰੋਫੈਸਰਾਂ ਦੀ ਨੌਕਰੀ ਨੂੰ ਵੀ ਸੁਰੱਖਿਅਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਾਲਜ ਪਿ੍ੰਸੀਪਲ ਵੀ ਤੁਰੰਤ ਪ੍ਰਭਾਵ ਨਾਲ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਰੁਕੀਆਂ ਤਨਖ਼ਾਹਾਂ ਜਲਦ ਜਾਰੀ ਕਰਨ |
ਪਿਛਲੀ ਖ਼ਬਰ ਲੈਂਡ ਪੂਲਿੰਗ ਮਾਮਲੇ ਦਾ ਭਾਜਪਾ ਡਟ ਕੇ ਵਿਰੋਧ ਕਰੇਗੀ-ਵਿਜੇ ਸ਼ਰਮਾ ਅਗਲੀ ਖ਼ਬਰ ਗਲੀਆਂ ਦੇ ਨਾਵਾਂ ਨੂੰ ਦਰਸਾਉਂਦੇ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਕੀਤਾ ਜਾ ਰਿਹਾ ਗ਼ਾਇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।