ਮੋਗਾ, 17 ਜੁਲਾਈ (ਸੁਰਿੰਦਰਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਮਾਲ ਵਿਭਾਗ ਨਾਲ ਸੰਬੰਧਿਤ 5 ਹੋਰ ਸੇਵਾਵਾਂ ਤੇ ਡਰਾਈਵਿੰਗ ਲਾਇਸੰਸ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਟਰਾਂਸਪੋਰਟ ਵਿਭਾਗ ਦੀਆਂ 27 ਸੇਵਾਵਾਂ ਹੁਣ ਸੇਵਾ ਕੇਂਦਰਾਂ 'ਚ ਮੁਹੱਈਆ ਕਰਾਈਆਂ ਹਨ | ਇਨ੍ਹਾਂ ਸੇਵਾਵਾਂ 'ਚ 15 ਸੇਵਾਵਾਂ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਤੇ 12 ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਹਨ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਹੁਣ ਡੀਡ ਰਜਿਸਟ੍ਰੇਸ਼ਨ, ਡੀਡ ਦਾ ਖਰੜਾ ਤਿਆਰ ਕਰਨਾ, ਪੂਰਵ-ਪੜਤਾਲ ਲਈ ਡੀਡ ਜਮ੍ਹਾ ਕਰਨੀ, ਸਟੈਂਪ ਡਿਊਟੀ ਦਾ ਭੁਗਤਾਨ, ਇੰਤਕਾਲ ਲਈ ਬੇਨਤੀ (ਵਿਰਾਸਤ ਜਾਂ ਰਜਿਸਟਰਡ ਡੀਡ ਦੇ ਆਧਾਰ 'ਤੇ, ਰਪਟਾਂ ਦੇ ਦਾਖ਼ਲੇ ਲਈ ਬੇਨਤੀ ਅਦਾਲਤੀ ਆਦੇਸ਼ਾਂ, ਬੈਂਕ ਕਰਜ਼ੇ ਦੇ ਗਿਰਵੀਨਾਮੇ ਜਾਂ ਬੈਂਕ ਕਰਜ਼ਿਆਂ/ ਗਿਰਵੀਨਾਮੇ ਦੀ ਮੁਆਫ਼ੀ ਨਾਲ ਸੰਬੰਧਿਤ), ਫ਼ਰਦ ਬਦਰ ਲਈ ਬੇਨਤੀ (ਰਿਕਾਰਡ ਵਿਚ ਸੁਧਾਰ), ਡਿਜੀਟਲ ਤੌਰ 'ਤੇ ਦਸਤਖ਼ਤ ਕੀਤੀ ਫ਼ਰਦ ਲਈ ਬੇਨਤੀ ਅਤੇ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ 15 ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸੰਬੰਧਿਤ 12 ਸੇਵਾਵਾਂ ਸੇਵਾ ਕੇਂਦਰਾਂ ਤੋਂ ਮਿਲਣਗੀਆਂ | ਉਨ੍ਹਾਂ ਦੱਸਿਆ ਕਿ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ ਸੇਵਾਵਾਂ 'ਚ ਲਰਨਿੰਗ ਲਾਇਸੰਸ ਨਾਲ ਸੰਬੰਧਿਤ ਸੇਵਾਵਾਂ, ਜਿਵੇਂ ਕਿ ਨਵੀਂ ਅਰਜ਼ੀ, ਪਤੇ ਦੀ ਤਬਦੀਲੀ, ਨਾਂਅ ਦੀ ਤਬਦੀਲੀ, ਡੁਪਲੀਕੇਟ ਲਰਨਿੰਗ ਲਾਇਸੰਸ ਤੋਂ ਇਲਾਵਾ ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ ਸੇਵਾਵਾਂ ਜਿਵੇਂ ਕਿ ਡੁਪਲੀਕੇਟ ਲਾਇਸੰਸ, ਨਵਿਆਉਣ ਸੰਬੰਧੀ (ਜਿੱਥੇ ਟੈਸਟ ਟਰੈਕ ਜਾਣ ਦੀ ਜ਼ਰੂਰਤ ਨਹੀਂ), ਰਿਪਲੇਸਮੈਂਟ, ਪਤੇ ਦੀ ਤਬਦੀਲੀ, ਨਾਂਅ ਦੀ ਤਬਦੀਲੀ, ਜਨਮ ਮਿਤੀ ਦੀ ਦਰੁਸਤੀ, ਡਰਾਈਵਿੰਗ ਲਾਇਸੰਸ ਐਕਸਟ੍ਰੈਕਟ ਪ੍ਰੀਵੀਜ਼ਨਿੰਗ, ਲਾਇਸੰਸ ਸਰੈਂਡਰ, ਪਬਲਿਕ ਸਰਵਿਸ ਵਾਹਨ ਦਾ ਬੈਜ, ਕੰਡਕਟਰ ਲਾਇਸੰਸ ਦਾ ਨਵੀਨੀਕਰਨ, ਲਰਨਿੰਗ ਲਾਇਸੰਸ ਦੀ ਮਿਆਦ 'ਚ ਵਾਧਾ ਆਦਿ ਸ਼ਾਮਿਲ ਹਨ | ਆਰ. ਸੀ. ਨਾਲ ਸੰਬੰਧਿਤ ਸੇਵਾਵਾਂ ਵਿਚ ਡੁਪਲੀਕੇਟ ਆਰ. ਸੀ., ਗ਼ੈਰ-ਵਪਾਰਕ ਵਾਹਨ ਦੀ ਮਾਲਕੀ ਤਬਦੀਲੀ, ਹਾਇਰ ਪਰਚੇਜ਼ ਦੀ ਨਿਰੰਤਰਤਾ (ਮਾਲਕੀ ਤਬਦੀਲੀ/ਨਾਂਅ ਤਬਦੀਲੀ ਦੀ ਸੂਰਤ ਵਿਚ), ਹਾਇਰ ਪਰਚੇਜ਼ ਐਗਰੀਮੈਂਟ ਦੀ ਇੰਨਡੋਰਸਮੈਂਟ, ਵਪਾਰਕ ਵਾਹਨਾਂ ਦਾ ਫਿਟਨੈਸ ਸਰਟੀਫਿਕੇਟ (ਭਾਰੇ/ ਮੀਡੀਅਮ/ ਤਿੰਨ ਪਹੀਆ/ਚਾਰ ਪਹੀਆ/ਐਲ. ਐਮ. ਵੀ.), ਵਧੀਕ ਲਾਈਫ਼ ਟਾਈਮ ਟੈਕਸ ਦੀ ਅਦਾਇਗੀ (ਮਾਲਕੀ ਤਬਦੀਲੀ ਦੀ ਸੂਰਤ ਵਿਚ), ਆਰ. ਸੀ. ਦੇ ਵੇਰਵੇ ਦੇਖਣੇ, ਆਰ. ਸੀ. ਲਈ ਐਨ. ਓ. ਸੀ., ਟਰਾਂਸਪੋਰਟ ਸੇਵਾਵਾਂ ਦੇ ਰਿਕਾਰਡ 'ਚ ਮੋਬਾਈਲ ਨੰਬਰ ਦਾ ਅੱਪਡੇਟ, ਆਰ. ਸੀ. 'ਚ ਪਤੇ ਦੀ ਤਬਦੀਲੀ ਆਦਿ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਜੋ ਨਾਗਰਿਕ ਸੇਵਾ ਕੇਂਦਰ ਨਹੀਂ ਆ ਸਕਦੇ, ਉਹ ਫ਼ੋਨ ਨੰਬਰ 1076 ਡਾਇਲ ਕਰ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਡੋਰ ਸਟੈਪ ਡਲਿਵਰੀ ਪ੍ਰਾਪਤ ਕਰ ਸਕਦੇ ਹਨ |