ਮੋਗਾ, 16 ਜੁਲਾਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਵਿਚ ਭਾਜਪਾ ਬੂਥ ਪੱਧਰ, ਮੰਡਲ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਵਜੋਂ ਉੱਭਰੇਗੀ ਅਤੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਾ ਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰੇਗੀ | ਉਪਰੋਕਤ ਵਿਚਾਰ ਭਾਜਪਾ ਦੇ ਸੂਬਾ ਸਕੱਤਰ ਅਤੇ ਮੋਗਾ ਜ਼ਿਲ੍ਹੇ ਦੇ ਸਹਿ-ਇੰਚਾਰਜ ਕਰਮਵੀਰ ਸਿੰਘ ਟੌਹੜਾ ਨੇ ਪੁਰਾਣੀ ਦਾਣਾ ਮੰਡੀ ਸਥਿਤ ਜ਼ਿਲ੍ਹਾ ਦਫ਼ਤਰ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵਲੋਂ ਮੰਡਲ ਪ੍ਰਧਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਵਿੱਕੀ ਸਿਤਾਰਾ, ਮੰਡਲ ਪ੍ਰਧਾਨ ਭੁਪਿੰਦਰ ਹੈਪੀ, ਮੰਡਲ ਪ੍ਰਧਾਨ ਉਮਾਕਾਂਤ ਰਾਏ, ਮੰਡਲ ਪ੍ਰਧਾਨ ਅਮਨਦੀਪ ਗਰੋਵਰ, ਮੰਡਲ ਪ੍ਰਧਾਨ ਚਮਨ ਲਾਲ, ਮੰਡਲ ਪ੍ਰਧਾਨ ਦੀਪਕ ਤਲਵਾੜ, ਮੰਡਲ ਪ੍ਰਧਾਨ ਸੁਖਬੀਰ ਸਿੰਘ, ਮੰਡਲ ਪ੍ਰਧਾਨ ਅਮਰੀਕ ਸਿੰਘ, ਅਜੈ ਮਿਸ਼ਰਾ, ਲਖਵੀਰ ਸਿੰਘ, ਵੀਰ ਸਿੰਘ ਢੇਸੀ, ਦਫ਼ਤਰ ਇੰਚਾਰਜ ਜਤਿੰਦਰ ਚੱਢਾ, ਹੇਮੰਤ ਸੂਦ, ਸੁਖਚੈਨ ਸਿੰਘ, ਸੁੱਖਾ ਸਿੰਘ, ਤੇਜਵੀਰ ਸਿੰਘ ਆਦਿ ਮੌਜੂਦ ਸਨ | ਭਾਜਪਾ ਦੇ ਸੂਬਾ ਸਕੱਤਰ ਅਤੇ ਮੋਗਾ ਜ਼ਿਲ੍ਹੇ ਦੇ ਸਹਿ-ਇੰਚਾਰਜ ਕਰਮਵੀਰ ਸਿੰਘ ਟੌਹੜਾ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਆਪਣੇ ਮੰਡਲਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਬੂਥ ਪੱਧਰ 'ਤੇ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਸਕੇ ਅਤੇ ਘਰ-ਘਰ ਜਾ ਕੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਲਾਭ ਪਹੁੰਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਸਮੇਂ ਭਾਜਪਾ ਪੰਜਾਬ ਵਿਚ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ ਅਤੇ ਲੋਕ 2027 ਦੀ ਉਡੀਕ ਕਰ ਰਹੇ ਹਨ, ਇਸ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਮੰਡਲ ਪ੍ਰਧਾਨਾਂ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣੀਆਂ ਬੂਥ ਕਮੇਟੀਆਂ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰਨ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ ਭਾਜਪਾ ਮੰਡਲ ਕਮੇਟੀਆਂ ਬਣਾ ਰਹੀ ਹੈ ਅਤੇ ਮੰਡਲਾਂ ਵਲੋਂ ਬੂਥ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਕੁਝ ਨਵੇਂ ਮੰਡਲ ਆਪਣੀਆਂ ਕਮੇਟੀਆਂ ਬਣਾ ਰਹੇ ਹਨ ਅਤੇ ਜਲਦੀ ਹੀ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ ਅਤੇ ਭਾਜਪਾ ਮੋਗਾ ਜ਼ਿਲ੍ਹੇ ਵਿਚ ਬੂਥ ਪੱਧਰ 'ਤੇ ਆਪਣੀ ਪਕੜ ਸਥਾਪਿਤ ਕਰੇਗੀ | ਆਉਣ ਵਾਲੇ ਸਮੇਂ ਵਿਚ ਭਾਜਪਾ ਮੋਗਾ ਜ਼ਿਲ੍ਹੇ ਵਿਚ ਪੂਰੀ ਤਾਕਤ ਨਾਲ ਚੋਣਾਂ ਲੜੇਗੀ ਅਤੇ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ |