ਅੰਮਿ੍ਤਸਰ/ਰਾਜਸਾਂਸੀ, 19 ਨਵੰਬਰ (ਸ਼ਰਮਾ, ਖੀਵਾ)-ਕਸਟਮ ਵਿਭਾਗ ਅੰਮਿ੍ਤਸਰ ਕੌਮਾਂਤਰੀ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ 'ਤੇ ਵੱਡੀ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ 'ਚ ਪੰਜ ਯਾਤਰੀਆਂ ਕੋਲੋਂ ਕੀਮਤੀ ਵਿਦੇਸ਼ੀ ਸਿਗਰੇਟਾਂ ਜ਼ਬਤ ਕੀਤੀਆਂ ਹਨ | ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਏਅਰ ਏਸ਼ੀਆ ਦੀ ਫਲਾਈਟ ਨੰਬਰ-ਏ. ਕੇ. 94 ਰਾਹੀਂ ਚਾਰ ਯਾਤਰੀ ਕੰਬੋਡੀਆ ਤੋਂ ਵਾਇਆ ਕੁਆਲਾਲੰਪੁਰ ਹੁੰਦੇ ਹੋਏ ਅੰਮਿ੍ਤਸਰ ਪਹੁੰਚੇ | ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੋਣ 'ਤੇ ਉਨ੍ਹਾਂ ਜਦ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਕੋਲੋਂ 26.83 ਲੱਖ ਰੁਪਏ ਦੀ ਕੀਮਤ ਦੀਆਂ 157800 ਨਕਲੀ ਸਿਗਰੇਟਾਂ ਦੀ ਖੇਪ ਬਰਾਮਦ ਕੀਤੀ ਗਈ | ਇਸ ਤੋਂ ਇਲਾਵਾ ਦੂਜੇ ਮਾਮਲੇ 'ਚ ਅਧਿਕਾਰੀਆਂ ਨੇ ਮਲੇਸ਼ੀਆ ਏਅਰਲਾਈਨ ਦੀ ਫਲਾਈਟ ਨੰਬਰ-ਐਮ. ਐਚ. 118 ਰਾਹੀਂ ਕੰਬੋਡੀਆ ਤੋਂ ਅੰਮਿ੍ਤਸਰ ਪਹੁੰਚੇ ਇਕ ਵਿਅਕਤੀ ਕੋਲੋਂ ਤਲਾਸ਼ੀ ਦੌਰਾਨ 11.02 ਲੱਖ ਰੁਪਏ ਦੀ ਕੀਮਤ ਦੀਆਂ 64800 ਸਿਗਰੇਟਾਂ ਬਰਾਮਦ ਕੀਤੀਆਂ ਹਨ |