ਅੰਮਿ੍ਤਸਰ, 19 ਨਵੰਬਰ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਭੈਣਾਂ ਨਾਲ ਲਹਿੰਦੇ ਪੰਜਾਬ ਦੀ ਪੁਲਿਸ ਨੇ ਬਦਸਲੂਕੀ ਕੀਤੀ | ਉਨ੍ਹਾਂ ਨੂੰ ਸੜਕ 'ਤੇ ਘਸੀਟਿਆ ਗਿਆ ਅਤੇ ਜ਼ਬਰਦਸਤੀ ਹਿਰਾਸਤ 'ਚ ਲਿਆ ਗਿਆ | ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਇਮਰਾਨ ਖ਼ਾਨ ਦੀਆਂ ਭੈਣਾਂ ਉਨ੍ਹਾਂ ਨਾਲ ਆਪਣੀ ਹਫ਼ਤਾਵਾਰੀ ਮੁਲਾਕਾਤ ਲਈ ਅਡਿਆਲਾ ਜੇਲ੍ਹ ਪਹੁੰਚੀਆਂ ਪਰ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ | ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਪਾਰਟੀ ਨੇ 'ਐਕਸ' 'ਤੇ ਲਿਖਿਆ ਕਿ ਇਮਰਾਨ ਖਾਨ ਦੀਆਂ ਭੈਣਾਂ ਅਲੀਮਾ ਖਾਨ, ਨੂਰੀਨ ਨਿਆਜ਼ੀ ਅਤੇ ਡਾ: ਉਜ਼ਮਾ ਖਾਨ ਜੇਲ੍ਹ ਦੇ ਬਾਹਰ ਸ਼ਾਂਤੀ ਨਾਲ ਬੈਠੀਆਂ ਸਨ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਲਿਜਾਉਣ ਦੀ ਕੋਸ਼ਿਸ਼ ਕੀਤੀ | ਪਾਰਟੀ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਨਾ ਸਿਰਫ਼ ਖ਼ਾਨ ਦੀਆਂ ਭੈਣਾਂ, ਸਗੋਂ ਖ਼ੈਬਰ ਪਖਤੂਨਖਵਾ ਪ੍ਰਾਂਤ ਦੇ ਮੰਤਰੀ ਮੀਨਾ ਖ਼ਾਨ ਅਫ਼ਰੀਦੀ, ਸੰਸਦ ਮੈਂਬਰ ਸ਼ਾਹਿਦ ਖਟਕ ਅਤੇ ਕਈ ਮਹਿਲਾ ਕਾਰਕੁਨਾਂ 'ਤੇ ਵੀ ਹਮਲਾ ਕੀਤਾ |