ਅੰਮਿ੍ਤਸਰ, 19 ਨਵੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਕੰਟਰੋਲ ਕਰਨ ਤਹਿਤ (04668/67) ਅੰਮਿ੍ਤਸਰ-ਸਹਰਸਾ ਅਤੇ (04670/69) ਅੰਮਿ੍ਤਸਰ-ਪਟਨਾ ਵਿਚਾਲੇ ਅਸਥਾਈ ਤੌਰ 'ਤੇ ਵਿਸ਼ੇਸ਼ ਰੇਲ ਗੱਡੀ (ਇਕ-ਇਕ ਟਰਿਪ) ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਨ੍ਹਾਂ ਦੋਵੇਂ ਗੱਡੀਆਂ ਦੇ ਨਾਲ ਏ. ਸੀ., ਸਲੀਪਰ ਤੇ ਜਨਰਲ ਕੋਚ ਜੋੜੇ ਜਾਣਗੇ | ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਉਪਾਧਿਆਏ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ (04668) ਅੰਮਿ੍ਤਸਰ-ਸਹਰਸਾ ਵਿਸ਼ੇਸ਼ ਰੇਲ ਗੱਡੀ 21 ਨਵੰਬਰ ਨੂੰ ਅੰਮਿ੍ਤਸਰ ਤੋਂ ਸ਼ਾਮ 8.10 ਵਜੇ ਚੱਲ ਕੇ ਯਾਤਰਾ ਦੇ ਇਕ ਦਿਨ ਬਾਅਦ 23 ਨਵੰਬਰ ਨੂੰ ਸਵੇਰੇ 5.30 ਵਜੇ ਸਹਰਸਾ ਪਹੁੰਚੇਗੀ, ਜਦੋਂਕਿ (04667) ਸਹਰਸਾ-ਅੰਮਿ੍ਤਸਰ ਵਿਸ਼ੇਸ਼ ਰੇਲ ਗੱਡੀ ਸਹਰਸਾ ਤੋਂ 23 ਨਵੰਬਰ ਨੂੰ ਸਵੇਰੇ 7.30 ਵਜੇ ਚੱਲ ਕੇ ਯਾਤਰਾ ਦੇ ਅਗਲੇ ਦਿਨ 24 ਨਵੰਬਰ ਨੂੰ ਸ਼ਾਮ 5 ਵਜੇ ਅੰਮਿ੍ਤਸਰ ਪੁੱਜੇਗੀ | ਇਸੇ ਪ੍ਰਕਾਰ (04670) ਅੰਮਿ੍ਤਸਰ-ਪਟਨਾ ਵਿਸ਼ੇਸ਼ ਰੇਲ ਗੱਡੀ 20 ਨਵੰਬਰ ਨੂੰ ਅੰਮਿ੍ਤਸਰ ਤੋਂ ਨਿਰਧਾਰਿਤ ਸਮੇਂ ਸ਼ਾਮ 8.10 ਵਜੇ ਚੱਲ ਕੇ ਅਗਲੇ ਦਿਨ ਭਾਵ 21 ਨਵੰਬਰ ਨੂੰ ਰਾਤ 10.40 ਵਜੇ ਸਹਰਸਾ ਪਹੁੰਚੇਗੀ ਜਦੋਂਕਿ (04669) ਸਹਰਸਾ-ਅੰਮਿ੍ਤਸਰ ਵਿਸ਼ੇਸ਼ ਰੇਲ ਗੱਡੀ ਸਹਰਸਾ ਤੋਂ 22 ਨਵੰਬਰ ਨੂੰ ਦੇਰ ਰਾਤ 01.00 ਵਜੇ ਚੱਲ ਕੇ ਅਗਲੇ ਦਿਨ ਸ਼ਾਮ 5.20 ਵਜੇ ਅੰਮਿ੍ਤਸਰ ਪੁੱਜੇਗੀ |