• ਭਾਰਤ ਸਮੇਤ 45 ਦੇਸ਼ਾਂ ਤੋਂ ਆਈਆਂ ਵੱਖ-ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਨੇ ਲਿਆ ਭਾਗ • ਹਜ਼ਾਰਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਆਏ ਲੋਕਾਂ ਨੇ ਭਰੀ ਹਾਜ਼ਰੀ
ਜਲੰਧਰ, 18 ਨਵੰਬਰ (ਐੱਮ. ਐੱਸ. ਲੋਹੀਆ)-ਦੁਨੀਆ 'ਚ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਉਣ ਦੇ ਯਤਨਾਂ ਨੂੰ ਅੱਗੇ ਤੋਰਦੇ ਹੋਏ ਬਲੰਦਪੁਰੀ ਸਾਹਿਬ (ਮਹਿਤਪੁਰ, ਜਲੰਧਰ) ਦੇ ਬਾਬਾ ਬਲਦੇਵ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ 'ਹਲੀਮੀਆਂ, ਹਮਦਰਦੀਆਂ ਤੇ ਮੁਹਮਬਤਾਂ' ਦੀ ਚੌਥੀ ਅੰਤਰਰਾਸ਼ਟਰੀ ਐੱਚ. ਕੇ. ਐੱਲ. ਕਾਨਫ਼ਰੰਸ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਸਫ਼ਲਤਾ ਪੂਰਵਕ ਸਮਾਪਤ ਹੋ ਗਈ | ਬਾਬਾ ਬਲਦੇਵ ਸਿੰਘ ਅਤੇ ਬੁਲੰਦਪੁਰੀ ਸਾਹਿਬ ਦੇ ਪ੍ਰਬੰਧਾਂ ਹੇਠ ਚਲਾਈ ਜਾ ਰਹੀ 'ਗਲੋਰੀ ਆਫ਼ ਟਰੂਥ' ਯੂਨੀਵਰਸਿਟੀ ਦੇ ਵਿਸ਼ਾਲ ਹਾਲ 'ਚ ਚੱਲ ਰਹੀ ਇਸ ਕਾਨਫ਼ਰੰਸ ਦੇ ਅੱਜ ਅੰਤਿਮ ਦਿਨ ਭਾਰਤ ਸਮੇਤ 45 ਦੇਸ਼ਾਂ ਤੋਂ ਆਈਆਂ ਵੱਖ-ਵੱਖ ਖੇਤਰ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਭਾਗ ਲਿਆ | ਇਸ ਮੌਕੇ ਵਿਦੇਸ਼ਾਂ ਤੋਂ ਸਰਕਾਰੀ ਨੁਮਾਇੰਦਿਆਂ ਅਤੇ ਸੰਸਥਾਵਾਂ ਦੇ ਆਗੂਆਂ ਨੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਦੀ ਸਰਾਹਣਾ ਕਰਦੇ ਹੋਏ, ਆਪਣੇ ਵੀਡੀਓ ਸੰਦੇਸ਼ ਭੇਜੇ, ਜੋ ਕਾਨਫ਼ਰੰਸ ਦੌਰਾਨ ਵਿਸ਼ਾਲ ਸਕਰੀਨ 'ਤੇ ਚਲਾਏ ਗਏ | ਸਮਾਗਮ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਸੰਬੋਧਨ ਕਰਨ ਵਾਲਿਆਂ 'ਚ ਡਾ. ਏ.ਕੇ. ਮਰਚੈਂਟ (ਸਕੱਤਰ ਦੀ ਸਪਿਰਚੁਅਲ ਅਸੈਂਬਲੀ ਆਫ਼ ਦੀ ਬਾਹਾਈਜ਼) ਦਿੱਲੀ, ਬ੍ਰਹਮ ਕੁਮਾਰੀ ਹੁਸੈਨ ਦੀਦੀ (ਓਮ ਸ਼ਾਂਤੀ ਰੀਟਰੀਟ ਸੈਂਟਰ, ਗੁੜਗਾਉਂ), ਕ੍ਰਿਸ਼ਨਾ ਮਨਡਾਵਾ ('ਓਵਰਸੀਜ਼ ਸਪਿਰਚੁਅਲ ਸਾਇੰਸ ਰਿਸਰਚ ਫਾਉਂਡੇਸ਼ਨਜ਼ ਐਕਟੀਵਿਸਟ ਇਨ ਇੰਡੀਆ, ਸਾਊਥਈਸਟ ਏਸ਼ੀਆ ਐਂਡ ਨੇਪਾਲ', ਗੋਆ), ਡਾ. ਗਿਰੀਸ਼ ਕੁਲਕਰਨੀ ('ਫਾਉਂਡੇਸ਼ਨ ਸਨੇਹਾਲਿਆ', ਐੱਨ.ਜੀ.ਓ., ਅਹਿਮਦਨਗਰ, ਮਹਾਂਰਾਸ਼ਟਰਾ), ਬੈਥਨੀ ਚੈਰੀ (ਮੈਲਬਰਨ, ਅਸਟ੍ਰੇਲੀਆ), ਮਾਰਾਜ਼ਬਾਨ ਨਰੀਮਾਨ ਜ਼ਵਾਲਾ ('ਪਾਰਸੀ-ਜ਼ੋਰੋਆਸਟ੍ਰੇਨ ਕੋਮੁਨਿਟੀ', ਦਿੱਲੀ) ਅਤੇ ਸੋਨਾਲੀ ਸਿੰਘ, ਮੁੰਬਈ, ਮਹਾਂਰਾਸ਼ਟਰਾ) ਸ਼ਾਮਲ ਸਨ | ਸਮਾਗਮ ਦੌਰਾਨ ਕਲਾਕਾਰ ਟੋਨੀ ਚਾਇਲਡ, ਸ਼ੇਨਾਈ ਬੈਂਡ, ਕਸ਼ਮੀਰੀ ਬੈਂਡ (ਪਸ਼ਮੀਨਾ) ਅਤੇ ਗੁਰਪ੍ਰੀਤ ਸਿੰਘ ਘੁੁੱਗੀ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ | ਇਸ ਤੋਂ ਇਲਾਵਾ ਪ੍ਰੋਫੈਸਰ ਰੋਬਰਟੋ ਕਾਟਾਲਾਨੋ ('ਡਾਇਰੈਕਟਰ ਫੋਕੋਲਾਰੇ ਮੂਵਮੈਂਟ, ਯੂਨੀਵਰਸੀਤਾ ਸੋਫ਼ੀਆ' ਇਟਲੀ), ਸਿਸਟਰ ਐਨਟੋਨੇਲਾ ਫੇਰਾਰੀ ('ਬ੍ਰਹਮ ਕੁਮਾਰੀਜ਼, ਇਟਲੀ' ਬੋਲੋਗਾਨਾ, ਇਟਲੀ) ਅਤੇ ਕੌਂਸਲਰ ਦਾਰੀਆ ਜੈਕੋਪੋਜ਼ੀ, ਆਫ਼ਿਸ ਆਫ਼ ਦੀ ਸੈਕਟਰੀ-ਕੌਂਸਲਰ ਦਾਰੀਆ, ਜੈਕੋਪੋਜ਼ੀ ਇਟਲੀ, ਇਟਲੀ) ਵਲੋਂ ਵੀਡੀਓ ਸੰਦੇਸ਼ ਭੇਜੇ ਗਏ | ਇਸ ਮੌਕੇ ਹੁਸੈਨ ਦੀਦੀ (ਬ੍ਰਹਮ ਕੁਮਾਰੀ ਦਿੱਲੀ) ਵਲੋਂ ਖੁਦਾ ਦੀ ਉਸਤੱਤ ਦੇ ਗੀਤ ਗਾਏ ਗਏ ਅਤੇ ਆਪਣੇ ਦਿੱਲ ਦੀਆਂ ਗਹਿਰਾਈਆਂ ਤੋਂ ਉਸ ਸੋਹਣੇ ਰੱਬ ਦੀ ਵਡਿਆਈ ਕੀਤੀ ਗਈ | ਸਮਾਗਮ ਦੌਰਾਨ ਜਿੱਥੇ ਦੇਸ਼-ਵਿਦੇਸ਼ ਤੋਂ ਆਏ ਕਲਾਕਾਰਾਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ, ਉੱਥੇ ਬਾਬਾ ਬਲਦੇਵ ਸਿੰਘ ਨੇ ਹਾਜ਼ਰ ਵਿਅਕਤੀਆਂ ਨੂੰ ਮਨੁੱਖਤਾ ਦੇ ਭਲੇ ਲਈ ਅਮਨ-ਸ਼ਾਂਤੀ ਦੇ ਰਸਤੇ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਪ੍ਰਮਾਤਮਾ ਦੇ ਮਾਰਗ 'ਤੇ ਚਲਦੇ ਹੋਏ ਭਾਈਚਾਰਕ ਸਾਂਝ ਨੂੰ ਹੋਰ ਗੁੜ੍ਹਾ ਕਰਨ ਦੀ ਪ੍ਰੇਰਣਾ ਦਿੱਤੀ | ਬਾਬਾ ਬਲਦੇਵ ਸਿੰਘ ਵਲੋਂ ਸਮਾਗਮ 'ਚ ਭਾਗ ਲੈਣ ਵਾਲੇ ਕਲਾਕਰਾਂ ਅਤੇ ਪਤਵੰਤਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਸ਼ਖਸ਼ੀਅਤਾਂ ਸਮਾਜ ਨੂੰ ਆਪਸ 'ਚ ਜੋੜਨ ਦੀ ਅਹਿਮ ਕੜੀ ਵਜੋਂ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਅਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਤੋਂ ਆਈ ਬੈਥਨੀ ਚੈਰੀ ਨੂੰ ਦਰਸ਼ਕਾਂ ਦੇ ਰੂਹ-ਬਰੁਹ ਕਰਦੇ ਹੋਏ ਬਾਬਾ ਬਲਦੇਵ ਸਿੰਘ ਨੇ ਦਸਿਆ ਕਿ ਬੈਥਨੀ ਚੈਰੀ ਇਕ ਨੌਜਵਾਨ ਚਿੱਤਰਕਾਰਾ ਹੈ, ਜੋ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਵਿਸ਼ਵ 'ਚ ਉਜਾਗਰ ਕਰਦੀ ਹੈ ਅਤੇ ਇਨ੍ਹਾਂ ਲਈ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਕਾਰਗੁਜ਼ਾਰੀਆਂ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣ 'ਚ ਵੱਡੀ ਭੂਮਿਕਾ ਨਿਭਾ ਰਹੀ ਹੈ | ਸਮਾਗਮ 'ਚ ਭਾਗ ਲੈਣ ਪਹੁੰਚੇ ਸਾਰੇ ਹੀ ਬੁਲਾਰਿਆਂ ਅਤੇ ਕਲਾਕਾਰਾਂ ਨੇ ਸੰਤ ਬਾਬਾ ਬਲਦੇਵ ਸਿੰਘ ਬੁਲੰਦਪੁਰੀ ਨੂੰ ਇਸ ਕਾਨਫਰੰਸ ਦੇ ਸਫ਼ਲਤਾ ਪੂਰਨ ਸੰਪਨ ਹੋਣ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਹਲੀਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਵਰਗੇ ਰੱਬੀ ਗੁਣ ਹਰ ਮਨੁੱਖ ਨੂੰ ਆਪਣੇ ਅੰਦਰ ਧਾਰਨ ਕਰਨੇ ਅਤੀ ਜ਼ਰੂਰੀ ਹਨ | ਇਸ ਨਾਲ ਸਾਰੇ ਵਿਸ਼ਵ 'ਚ ਸ਼ਾਂਤੀ ਤੇ ਪਿਆਰਾਂ ਦੇ ਮਾਹੌਲ ਦੀ ਸਿਰਜਨਾ ਹੋਵੇਗੀ, ਕਾਨਫਰੰਸ ਦੇ ਅੰਤ 'ਚ ਬਾਬਾ ਬਲਦੇਵ ਸਿੰਘ ਨੇ 44 ਦੇਸ਼ਾਂ ਅਤੇ ਭਾਰਤੇ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰਿਆਂ 'ਚ ਪਰਮਾਤਮਾ ਦੀ ਇਕ ਹੀ ਜੋਤ ਵਰਤ ਰਹੀ ਹੈ ਅਤੇ ਸਾਰੇ ਸਰੀਰ ਪ੍ਰਮਾਤਮਾ ਦੇ ਘਰ ਹਨ, ਜੇਕਰ ਆਪਾਂ ਹਲੀਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੇ ਰੱਬੀ ਗੁਣਾ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਕੇ ਜੀਵੀਏ, ਤਾਂ ਇਸ ਨਾਲ ਸਾਰੇ ਬ੍ਰਹਮੰਡ ਦੀ ਊਰਜਾ ਬਦਲ ਜਾਵੇਗੀ ਅਤੇ ਸਾਰੀ ਮਨੁੱਖਤਾ 'ਚ ਪਈਆਂ ਧਰਮਾਂ, ਨਸਲਾਂ ਅਤੇ ਰੰਗ ਭੇਦ ਦੀਆਂ ਵੰਡੀਆਂ ਖ਼ਤਮ ਹੋ ਜਾਣਗੀਆਂ |
ਪੰਜਵੀ ਕਾਨਫਰੰਸ 'ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ
ਬਾਬਾ ਜੀ ਨੇ ਸਾਰਿਆਂ ਨੂੰ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ ਅਤੇ ਐੱਚ.ਕੇ.ਐੱਲ. ਦੀ ਪੰਜਵੀਂ ਅੰਤਰਰਾਸ਼ਟਰੀ ਕਾਨਫਰੰਸ ਜੋ ਕਿ 31 ਜਨਵਰੀ 2026 ਅਤੇ 1 ਫਰਵਰੀ ਨੂੰ ਸਿਡਨੀ, ਅਸਟ੍ਰੇਲੀਆ ਵਿਖੇ ਹੋਵੇਗੀ, ਉਸ 'ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ |
ਮੁਨੱਖਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ 'ਹਲੀਮੀਆਂ, ਹਮਦਰਦੀਆਂ ਤੇ ਮੁਹੱਬਤਾਂ' ਦੀ ਚੌਥੀ ਅੰਤਰਰਾਸ਼ਟਰੀ ਕਾਨਫ਼ਰੰਸ ਸਮਾਪਤ <br/>
ਅਜੀਤ ਡੈਸਕ
19-11-2025