28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਗੰਭੀਰ ਮਾਮਲਿਆਂ 'ਚ ਜ਼ਬਤ ਕੀਤੇ ਵਾਹਨਾਂ ਨੂੰ ਤਸਵੀਰਾਂ ਅਤੇ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਮਾਲਕਾਂ ਨੂੰ ਵਾਪਸ ਕਰੋ-ਹਾਈ ਕੋਰਟ <br/>

ਅਜੀਤ ਡੈਸਕ 19-11-2025
ਚੰਡੀਗੜ੍ਹ, 18 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਮਹੱਤਵਪੂਰਨ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਕਤਲ ਵਰਗੇ ਗੰਭੀਰ ਅਪਰਾਧਿਕ ਮਾਮਲਿਆਂ 'ਚ ਜ਼ਬਤ ਕੀਤੇ ਗਏ ਟਰੈਕਟਰ, ਕਾਰਾਂ ਅਤੇ ਹੋਰ ਵਾਹਨਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਜਲਦੀ ਵਾਪਸ ਕਰ ਦੇਣਾ ਚਾਹੀਦਾ ਹੈ, ਨਾ ਕਿ ਸਾਲਾਂ ਤੱਕ ਥਾਣਿਆਂ ਵਿਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਖ਼ਰਾਬ ਹੋਣ ਦਿੱਤਾ ਜਾਵੇ | ਅਦਾਲਤ ਨੇ ਸਪੱਸ਼ਟ ਕੀਤਾ ਕਿ ਪੁਲਿਸ ਨੂੰ ਵਾਹਨ ਦੀ ਭਵਿੱਖ 'ਚ ਪਛਾਣ ਨੂੰ ਯਕੀਨੀ ਬਣਾਉਣ ਲਈ ਵਿਸਤਿ੍ਤ ਤਸਵੀਰਾਂ ਖਿੱਚਣੀਆਂ ਚਾਹੀਦੀਆਂ ਹਨ ਅਤੇ ਉੱਚ-ਗੁਣਵੱਤਾ ਵਾਲੀ ਵੀਡੀਓ ਰਿਕਾਰਡ ਕੀਤੀ ਜਾਣੀ ਚਾਹੀਦੀ ਹੈ | ਜਸਟਿਸ ਅਨੂਪ ਚਿਤਕਾਰਾ ਨੇ ਇਹ ਹੁਕਮ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ 2023 ਵਿਚ ਹੋਏ ਇਕ ਕਤਲ ਕੇਸ 'ਚ ਜ਼ਬਤ ਕੀਤੇ ਗਏ ਟਰੈਕਟਰ ਅਤੇ ਟਾਟਾ ਹੈਰੀਅਰ ਐਸ.ਯੂ.ਵੀ. ਨੂੰ 2 ਸਾਲ ਬਾਅਦ ਵੀ ਵਾਪਸ ਨਾ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਾਰੀ ਕੀਤਾ | ਵਾਹਨ ਮਾਲਕ ਮਹਿੰਦਰ ਦੇ ਭਰਾ ਅਤੇ ਪਾਵਰ ਆਫ਼ ਅਟਾਰਨੀ ਧਾਰਕ ਮੁਕੇਸ਼ ਕੁਮਾਰ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਰੁਖ ਕੀਤਾ ਸੀ | ਸੈਸ਼ਨ ਕੋਰਟ ਨੇ ਜਾਂਚ ਲੰਬਿਤ ਹੋਣ ਅਤੇ ਕੁੱਝ ਦੋਸ਼ੀ ਅਜੇ ਵੀ ਫ਼ਰਾਰ ਹੋਣ ਦਾ ਹਵਾਲਾ ਦਿੰਦੇ ਹੋਏ ਵਾਹਨ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਹਾਈ ਕੋਰਟ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਜੇਕਰ ਜ਼ਰੂਰੀ ਹੋਵੇ ਤਾਂ ਫੋਰੈਂਸਿਕ ਜਾਂਚ ਪੂਰੀ ਕੀਤੀ ਜਾਵੇ ਅਤੇ ਸਾਰੇ ਵਾਹਨ ਨੰਬਰਾਂ ਅਤੇ ਪੁਰਜ਼ਿਆਂ ਦੀ ਵਿਸਤਿ੍ਤ ਵੀਡੀਓ/ਫ਼ੋਟੋਆਂ ਤਿਆਰ ਕੀਤੀਆਂ ਜਾਣ, ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਵੇ | ਫਿਰ ਵਾਹਨ ਨੂੰ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨ 'ਤੇ ਮਾਲਕ ਨੂੰ ਵਾਪਸ ਕਰ ਦਿੱਤਾ ਜਾਵੇਗਾ, ਜਿਸ ਵਿਚ ਇੱਕ ਹਲਫ਼ਨਾਮਾ ਵੀ ਸ਼ਾਮਲ ਹੈ | ਇਹ ਪ੍ਰਕਿਰਿਆ 60 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਆਦੇਸ਼ ਆਪਣੇ ਆਪ ਰੱਦ ਮੰਨਿਆ ਜਾਵੇਗਾ |

ਪਿਛਲੀ ਖ਼ਬਰ ਹਾਈ ਕੋਰਟ ਨੇ ਅਣਐਲਾਨੀ ਪੈਨਸ਼ਨ ਕਟੌਤੀਆਂ 'ਤੇ ਲਗਾਈ ਸਖ਼ਤ ਪਾਬੰਦੀ <br/> ਅਗਲੀ ਖ਼ਬਰ ਸੁੰਦਰ ਵਿਹਾਰ ਵੈੱਲਫੇਅਰ ਸੁਸਾਇਟੀ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।