ਵਿੱਤ ਕਮਿਸ਼ਨ ਵਲੋਂ ਜਾਰੀ 332 ਕਰੋੜ ਦੀ ਗਰਾਂਟ 'ਤੇ ਕ੍ਰੈਡਿਟ ਲੈ ਰਹੀ 'ਆਪ' ਸਰਕਾਰ-ਅਸ਼ਵਨੀ ਸ਼ਰਮਾ
ਚੰਡੀਗੜ੍ਹ, 18 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਾਨ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਹੈ ਕਿ ਕੇਂਦਰ ਦੀਆਂ ਵਿੱਤ ਕਮਿਸ਼ਨ ਗਰਾਂਟਾਂ ਨੂੰ ਆਪਣੀ ਉਪਲਬਧੀ ਵਜੋਂ ਪੇਸ਼ ਕਰਕੇ ਪੰਚਾਇਤਾਂ ਅਤੇ ਜਨਤਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰੀ ਵਿੱਤ ਕਮਿਸ਼ਨ ਵਲੋਂ ਜਾਰੀ 332 ਕਰੋੜ ਦੀ ਗਰਾਂਟ ਨੂੰ ਸੂਬੇ ਵਲੋਂ ਜਾਰੀ ਇਤਿਹਾਸਿਕ ਗਰਾਂਟ ਦੱਸਣਾ ਸਿਰਫ਼ ਰਾਜਨੀਤਿਕ ਧੋਖਾਧੜੀ ਹੈ, ਕਿਉਂਕਿ ਇਹ ਸਾਰੀ ਰਕਮ ਕੇਂਦਰ ਦੇ 15ਵੇਂ ਵਿੱਤ ਕਮਿਸ਼ਨ ਅਧੀਨ ਰੁਟੀਨ ਪ੍ਰਕਿਰਿਆ ਅਨੁਸਾਰ ਪੰਚਾਇਤਾਂ ਨੂੰ ਮਿਲਦੀ ਹੈ, ਜਿਸ ਵਿਚ ਸੂਬਾ ਸਰਕਾਰ ਦਾ ਕੋਈ ਕਰੈਡਿਟ ਨਹੀਂ | ਅਸ਼ਵਨੀ ਸ਼ਰਮਾ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਵਿੱਤ ਕਮਿਸ਼ਨ ਦੀ ਇਹ ਕਿਸ਼ਤ ਵੱਖ-ਵੱਖ ਜ਼ਿਲਿ੍ਹਆਂ ਦੇ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਜਾ ਚੁੱਕੀ ਹੈ, ਜਿਨ੍ਹਾਂ 'ਚ ਅੰਮਿ੍ਤਸਰ ਨੂੰ 10.64 ਕਰੋੜ, ਬਰਨਾਲਾ ਨੂੰ 3.75 ਕਰੋੜ, ਬਠਿੰਡਾ ਨੂੰ 7.74 ਕਰੋੜ, ਫ਼ਰੀਦਕੋਟ ਨੂੰ 3.70 ਕਰੋੜ, ਸ਼੍ਰੀ ਫ਼ਤਿਹਗੜ੍ਹ ਸਾਹਿਬ ਨੂੰ 3.64 ਕਰੋੜ, ਫ਼ਾਜ਼ਿਲਕਾ ਨੂੰ 17.57 ਕਰੋੜ, ਫ਼ਿਰੋਜ਼ਪੁਰ ਨੂੰ 15.77 ਕਰੋੜ, ਗੁਰਦਾਸਪੁਰ ਨੂੰ 27.63 ਕਰੋੜ, ਹੁਸ਼ਿਆਰਪੁਰ ਨੂੰ 28.52 ਕਰੋੜ, ਜਲੰਧਰ ਨੂੰ 23.23 ਕਰੋੜ | ਉਨ੍ਹਾਂ ਦੱਸਿਆ ਕਿ ਹੋਰਨਾਂ ਜ਼ਿਲਿ੍ਹਆਂ ਨੂੰ ਵੀ ਇਸੇ ਤਰ੍ਹਾਂ ਰਕਮ ਜਾਰੀ ਹੋਈ ਹੈ | ਸ਼ਰਮਾ ਨੇ ਸਵਾਲ ਕੀਤਾ ਕਿ ਜਦੋਂ ਗਰਾਂਟ ਦਾ ਹਰੇਕ ਪੈਸਾ ਵਿੱਤ ਕਮਿਸ਼ਨ ਦੇ ਨਿਯਮਾਂ ਅਨੁਸਾਰ ਜਾ ਰਿਹਾ ਹੈ ਤਾਂ ਇਸ ਨੂੰ ਸੂਬਾ ਸਰਕਾਰ ਆਪਣੀ ਉਪਲਬਧੀ ਵਜੋਂ ਕਿਵੇਂ ਪੇਸ਼ ਕਰ ਰਹੀ ਹੈ |
ਕੇਂਦਰ ਦੀ ਗਰਾਂਟ ਨੂੰ ਆਪਣਾ ਦੱਸਣ 'ਤੇ ਭਾਜਪਾ ਨੇ ਘੇਰੀ ਮਾਨ ਸਰਕਾਰ <br/>
ਅਜੀਤ ਡੈਸਕ
19-11-2025