ਵਰਿੰਦਰ ਸਿੰਘ
ਛੇਹਰਟਾ, 18 ਨਵੰਬਰ (ਪੱਤਰ ਪ੍ਰੇਰਕ)-ਛੇਹਰਟਾ 'ਚ ਸਵੇਰੇ ਕਰੀਬ 8.30 ਵਜੇ ਦਿਨ ਦਿਹਾੜੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ | ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ | ਮਿ੍ਤਕ ਦੀ ਸ਼ਨਾਖਤ ਵਰਿੰਦਰ ਸਿੰਘ (40) ਵਾਸੀ ਪਾਰਸ ਐਵੀਨਿਊ, ਸੰਨ ਸਾਹਿਬ ਰੋਡ ਛੇਹਰਟਾ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਪਰਤ ਰਿਹਾ ਸੀ, ਗੁਰਦੁਆਰਾ ਛੇਹਰਟਾ ਸਾਹਿਬ ਦੇ ਨਜ਼ਦੀਕ ਪੁੱਜਣ 'ਤੇ ਪਿੱਛੋਂ ਮੋਟਰਸਾਈਕਲ 'ਤੇ ਆਏ 2 ਨਕਾਬਪੋਸ਼ ਨੌਜਵਾਨਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ | ਉਹ ਗੋਲੀ ਵਰਿੰਦਰ ਸਿੰਘ ਦੀ ਧੌਣ ਵਿਚ ਲੱਗੀ, ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ
ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕ ਦੀ ਪਤਨੀ ਮਨਿੰਦਰ ਕੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੇ ਪਤੀ ਦਾ ਕਤਲ ਪੁਰਾਣੀ ਰੰਜਿਸ਼ ਤਹਿਤ ਉਨ੍ਹਾਂ ਦੇ ਇਕ ਰਿਸ਼ਤੇਦਾਰ ਵਲੋਂ ਕਰਵਾਇਆ ਗਿਆ ਹੈ, ਜਿਸ 'ਤੇ ਪਹਿਲਾਂ ਵੀ ਪੁਲਿਸ ਥਾਣਾ ਛੇਹਰਟਾ ਵਿਖੇ ਇਕ ਮਾਮਲਾ ਦਰਜ ਹੈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਐੱਸ. ਪੀ (ਡੀ) ਹਰਮਿੰਦਰ ਸਿੰਘ ਸੰਧੂ ਤੇ ਏਸੀਪੀ ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਕਿਹਾ ਕਿ ਘਟਨਾ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
ਹੱਤਿਆ ਦਾ ਮਾਮਲਾ ਹੱਲ-ਪੁਲਿਸ ਕਮਿਸ਼ਨਰ ਭੁੱਲਰ
ਅੰਮਿ੍ਤਸਰ, (ਰੇਸ਼ਮ ਸਿੰਘ)-ਅੱਜ ਛੇਹਰਟਾ ਵਿਖੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ 'ਚ ਪੁਲਿਸ ਵਲੋਂ 2 ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ 'ਚ ਇਕ ਔਰਤ ਤੇ ਉਸਦਾ ਪਤੀ ਵੀ ਸ਼ਾਮਿਲ ਹਨ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਵਲੋਂ ਗੁਰਲਾਲ ਸਿੰਘ ਤੇ ਉਸਦੀ ਪਤਨੀ ਪਰਮਜੀਤ ਕੌਰ ਵਾਸੀਆਂ ਪਿੰਡ ਚੱਬਾ ਜ਼ਿਲ੍ਹਾ ਅੰਮਿ੍ਤਸਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਇਸ ਮਾਮਲੇ 'ਚ ਪਰਿਵਾਰ ਨੂੰ ਸ਼ੱਕ ਹੈ ਕਿ ਨਿਸ਼ਾਨ ਸਿੰਘ ਪਿੰਡ ਚੱਕਾ ਵਾਲੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਉਨ੍ਹਾਂ ਦੀ ਰਿਸ਼ਤੇਦਾਰ ਕੁੜੀ ਅਰਸ਼ਦੀਪ ਕੌਰ ਨਾਲ ਵਿਆਹਿਆ ਹੋਇਆ ਹੈ ਤੇ ਨਿਸ਼ਾਨ ਸਿੰਘ ਅਕਸਰ ਆਪਣੀ ਪਤਨੀ ਨਾਲ ਲੜਾਈ ਝਗੜਾ ਕਰਦਾ | ਨਿਸ਼ਾਨ ਸਿੰਘ ਨੇ ਆਪਣੇ ਸਾਲੇ ਗੁਰਲਾਲ ਸਿੰਘ ਨਾਲ ਮਿਲ ਕੇ ਪਹਿਲਾਂ ਵੀ ਸ਼ਿਕਾਇਤਕਰਤਾ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ, ਰਿਸ਼ਤੇਦਾਰੀ ਦਾ ਇਹ ਵਿਵਾਦ ਸੁਲਝਿਆ ਨਹੀਂ ਸੀ | ਉਦੋਂ ਤੋਂ ਨਿਸ਼ਾਨ ਸਿੰਘ, ਗੁਰਲਾਲ ਅਤੇ ਪਰਮਜੀਤ ਕੌਰ ਧਮਕੀਆਂ ਦੇ ਰਹੇ ਸਨ ਅਤੇ ਬੱਚੇ ਦੀ ਕਸਟਡੀ ਦੀ ਮੰਗ ਕਰ ਰਹੇ ਸਨ | ਇਸ ਮਾਮਲੇ 'ਚ ਸ਼ਾਮਿਲ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |
ਛੇਹਰਟਾ 'ਚ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ-ਦੋ ਗਿ੍ਫ਼ਤਾਰ
ਅਜੀਤ ਡੈਸਕ
19-11-2025