ਚੰਡੀਗੜ੍ਹ, 5 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ 'ਯੂਨੀਵਰਸਿਟੀ ਬਚਾਓ ਮੋਰਚਾ' ਦੀ ਹਮਾਇਤ ਲਈ ਅੱਜ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ, ਸੀਨੀਅਰ ਆਗੂ ਬਾਪੂ ਤਰਸੇਮ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ, ਪਰਵਿੰਦਰ ਸਿੰਘ ਸੋਹਾਣਾ ਪ੍ਰਧਾਨ ਮੋਹਾਲੀ, ਅਕਾਲੀ ਆਗੂ ਸੰਦੀਪ ਸਿੰਘ ਸੀਕਰੀ ਹੁਸ਼ਿਆਰਪੁਰ, ਅਦਾਕਾਰ ਅਤੇ ਗਾਇਕ ਜਸਵੀਰ ਜੱਸੀ ਅਲੱਗ-ਅਲੱਗ ਸਮੇਂ ਮੁਤਾਬਿਕ ਯੂਨੀਵਰਸਿਟੀ ਵਿਚ ਪੁੱਜੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਮੌਲਿਕ ਸਰੂਪ ਵਿਚ ਤਬਦੀਲੀ ਕਰਨ ਲਈ ਜਾਰੀ ਕੀਤੇ ਕੇਂਦਰੀ ਨੋਟੀਫ਼ਿਕੇਸ਼ਨ ਦੇ ਖ਼ਿਲਾਫ਼ 10 ਨਵੰਬਰ ਨੂੰ ਹੋਣ ਵਾਲੇ ਸਾਂਝੇ ਰੋਸ ਪ੍ਰਦਰਸ਼ਨ ਖ਼ਿਲਾਫ਼ ਡੱਟ ਕੇ ਸ਼ਾਮਿਲ ਹੋਵੇਗਾ ਅਤੇ ਕਿਸੇ ਵੀ ਕੀਮਤ 'ਤੇ ਇਸ ਯੂਨੀਵਰਸਿਟੀ ਨੂੰ ਕੇਂਦਰੀ ਕੰਟਰੋਲ ਹੇਠ ਲੈਣ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ | ਇਸ ਨੂੰ ਪੰਜਾਬ ਦੀ ਪਛਾਣ 'ਤੇ ਹਮਲਾ ਕਰਾਰ ਦਿੰਦਿਆਂ ਹੋਏ ਇਨ੍ਹਾਂ ਆਗੂ ਨੇ ਕਿਹਾ ਕਿ ਇਹ ਪੰਜਾਬ ਦੀ ਆਵਾਜ਼ ਕੁਚਲਣ ਦਾ ਇਕ ਯਤਨ ਹੈ | ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਯੂਨੀਵਰਸਿਟੀ ਦਾ ਦੌਰਾ ਕੁੱਝ ਦਿਨਾ ਵਿਚ ਕਰਨਗੇ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ.) ਤੋਂ ਯੂਥ ਵਰਕਰ ਵੀ ਇਸ ਮਾਮਲੇ 'ਤੇ ਨਿਆਂ ਹਾਸਲ ਕਰਨ ਦੀ ਲੜਾਈ ਵਿਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਮਦਦ ਕਰਨਗੇ |
'ਯੂਨੀਵਰਸਿਟੀ ਬਚਾਓ ਮੋਰਚੇ' ਦੀ ਹਮਾਇਤ 'ਚ ਆਈਆਂ ਸਿਆਸੀ ਪਾਰਟੀਆਂ <br/>
ਅਜੀਤ ਡੈਸਕ
06-11-2025