ਚੰਡੀਗੜ੍ਹ, 21 ਜੁਲਾਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਤੇ ਅਕਾਲੀ ਦਲ ਨਾਲ ਗਠਜੋੜ ਨੂੰ ਸੂਬੇ ਲਈ ਜ਼ਰੂਰੀ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇੱਕ ਵਾਰ ਸੂਬੇ ਵਿਚ ਹਾਲਾਤ ਮੁੜ ਤੋਂ 1996 ਵਰਗੇ ਹੁੰਦੇ ਜਾ ਰਹੇ ਹਨ | ਇਹ ਗਠਜੋੜ ਫਿਰਕੂ ਸਦਭਾਵਨਾ ਤੇ ਸ਼ਾਂਤੀ ਲਈ ਹੋਇਆ ਸੀ | ਅੱਜ ਵੀ ਇਸ ਦੀ ਬੇਹੱਦ ਲੋੜ ਹੈ, ਜਿਸ ਦੇ ਚੱਲਦਿਆਂ ਦੋਵਾਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ | ਜਾਖੜ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ਵਿਚ ਸਿਰਫ਼ ਚੋਣਾਂ ਹੀ ਨਹੀਂ ਸਗੋਂ ਲੋਕਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ ਹੈ | ਪੰਜਾਬ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ ਹੈ, ਪਰ ਇੱਥੋਂ ਦੇ ਲੋਕ ਆਪਣੇ ਸਨਮਾਨ ਤੇ ਸੱਭਿਆਚਾਰ ਨੂੰ ਬਹੁਤ ਮਹੱਤਵ ਦਿੰਦੇ ਹਨ | 'ਪਗੜੀ' ਅਤੇ 'ਦਸਤਾਰ' ਇੱਥੇ ਸਿਰਫ਼ ਇੱਕ ਪਹਿਰਾਵਾ ਨਹੀਂ ਹਨ, ਸਗੋਂ ਸਵੈ-ਮਾਣ ਦਾ ਪ੍ਰਤੀਕ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਸਵੈ-ਮਾਣ ਅਤੇ ਵਿਰੋਧ ਦਾ ਸੁਭਾਅ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਨਾਲ ਜੁੜਿਆ ਹੋਇਆ ਹੈ, ਜੋ ਅਨਿਆਂ ਤੇ ਜ਼ੁਲਮ ਵਿਰੁੱਧ ਖੜੇ ਹੋਣ ਦੀ ਗੱਲ ਕਰਦੇ ਹਨ | ਭਾਵੇਂ ਭਾਜਪਾ ਨੇ ਪਹਿਲਾਂ ਪੰਜਾਬ ਨਾਲ ਕੁਝ ਵੀ ਗਲਤ ਨਹੀਂ ਕੀਤਾ, ਪਰ ਅੱਜ ਇਸ ਨੂੰ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਕੇਂਦਰ 'ਚ ਸੱਤਾ ਧਿਰ ਹੈ |
ਜਾਖੜ ਨੇ ਭਾਜਪਾ ਦੇ ਅਕਾਲੀ ਦਲ ਨਾਲ ਗਠਜੋੜ ਨੂੰ ਦੱਸਿਆ ਜ਼ਰੂਰੀ
ਅਜੀਤ ਡੈਸਕ
22-07-2025