ਹੈਦਰਾਬਾਦ, 19 ਜੁਲਾਈ (ਏਜੰਸੀ)- ਭਾਰਤ ਦੀ ਇਲੈਕਟ੍ਰਾਨਿਕਸ ਬਰਾਮਦ 40 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਗਈ ਹੈ | ਇਸ 'ਚ ਪਿਛਲੇ 11 ਸਾਲਾਂ ਦੌਰਾਨ 8 ਗੁਣਾ ਵਾਧਾ ਹੋਇਆ ਹੈ, ਉਥੇ ਹੀ ਘਰੇਲੂ ਇਲੈਕਟ੍ਰਾਨਿਕਸ ਉਤਪਾਦਨ 'ਚ 6 ਗੁਣਾ ਵਾਧਾ ਹੋਇਆ ਹੈ, ਜੋ ਵਿਕਾਸ ਦੀ ਇਕ ਮਿਸਾਲੀ ਪ੍ਰਾਪਤੀ ਹੈ ਅਤੇ ਸਾਡੇ ਵਰਗੇ ਬਹੁਤ ਘੱਟ ਦੇਸ਼ਾਂ ਨੇ ਵੇਖੀ ਹੈ | ਕੇਂਦਰੀ ਸੂਚਨਾ ਤਕਨਾਲੋਜੀ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਆਈ.ਆਈ.ਟੀ. ਹੈਦਰਾਬਾਦ ਦੇ 14ਵੇਂ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਕਤ ਪ੍ਰਗਟਾਵਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਭਾਰਤੀ ਦੇ ਪਹਿਲੇ ਬੁਲਟ ਟਰੇਨ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ 'ਤੇ ਵੀ ਜ਼ੋਰ ਦਿੱਤਾ, ਜਿਸ ਦੇ ਅਗਸਤ ਜਾਂ ਸਤੰਬਰ 2027 ਤੱਕ ਸ਼ੁਰੂ ਹੋਣ ਦੀ ਉਮੀਦ ਹੈ | ਵੈਸ਼ਨਵ ਨੇ ਕਿਹਾ ਕਿ ਪਹਿਲੀ ਸਵਦੇਸ਼ੀ ਸੈਮੀਕੰਡਕਟਰ ਚਿਪ ਵਪਾਰਕ ਪੱਧਰ 'ਤੇ ਇਸੇ ਸਾਲ ਬਣ ਜਾਏਗੀ | ਉਨ੍ਹਾਂ ਯਕੀਨ ਦਿਵਾਇਆ ਕਿ ਭਾਰਤ ਆਉਣ ਵਾਲੇ ਸਾਲਾਂ 'ਚ ਦੁਨੀਆ ਦੇ ਪਹਿਲੇ ਪੰਜ ਸੈਮੀਕੰਡਕਟਰ ਦੇਸ਼ਾਂ 'ਚੋਂ ਇਕ ਬਣਨ ਦੀ ਰਾਹ 'ਤੇ ਹੈ | ਉਨ੍ਹਾਂ ਇਸ ਵਿਕਾਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਿ੍ਸ਼ਟੀ ਨੂੰ ਦਿੱਤਾ ਅਤੇ ਕਿਹਾ ਕਿ ਕੇਵਲ ਤਿੰਨ ਸਾਲਾਂ 'ਚ ਹੀ ਭਾਰਤ ਇਕ ਸੰਪੂਰਨ 4ਜੀ ਦੂਰਸੰਚਾਰ ਸਟੈਕ ਤਿਆਰ ਕਰ ਸਕਿਆ | ਅੱਜ ਇਹ ਲਗਪਗ 90,000 ਦੂਰਸੰਚਾਰ ਟਾਵਰਾਂ 'ਤੇ ਸਥਾਪਿਤ ਹੈ, ਜੋ ਦੁਨੀਆ ਦੇ ਕਈ ਦੇਸ਼ਾਂ ਦੇ ਨੈਟਵਰਕ ਤੋਂ ਵੀ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਦੂਰਸੰਚਾਰ ਪਹਿਲ ਦੇ ਹਿੱਸੇ ਵਜੋਂ ਸਰਕਾਰ ਨੇ 100 5ਜੀ ਲੈਬਾਰਟਰੀਆਂ ਵੀ ਸਥਾਪਿਤ ਕੀਤੀਆਂ ਹਨ, ਜਿਥੇ ਵਿਦਿਆਰਥੀ 5ਜੀ ਉਪਕਰਨਾਂ ਦਾ ਵਿਵਹਾਰਕ ਅਨੁਭਵ ਹਾਸਿਲ ਕਰ ਸਕਦੇ ਹਨ | ਉਨ੍ਹਾਂ ਭਾਰਤ ਦੀ ਵਿਕਾਸ ਗਾਥਾ ਅਗਲੀ ਪੀੜੀ ਲਈ ਆਧਾਰ ਦੇ ਪੰਜ ਉਦਾਹਰਣਾਂ, ਇਲੈਕਟ੍ਰਾਨਿਕਸ, ਉਤਪਾਦਨ, ਏ.ਆਈ., ਸੈਮੀਕੰਡਕਟਰ, ਦੂਰਸੰਚਾਰ ਖੇਤਰ ਤੇ ਰੇਲਵੇ ਦਿੱਤੀਆਂ |