ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਦਿਨੋ-ਦਿਨ ਵੱਧ ਰਹੇ ਅੱਤਿਆਚਾਰਾਂ ਦੇ ਮੱਦੇਨਜ਼ਰ 5 ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਬਾਰੇ ਜਾਣਕਾਰੀ ਮਿਲੀ ਹੈ | ਤਾਜ਼ਾ ਮਾਮਲਿਆਂ ਦੇ ਚਲਦਿਆਂ ਬੰਦੂਕਧਾਰੀਆਂ ਨੇ ਨੌਵੀਂ ਜਮਾਤ 'ਚ ਪੜ੍ਹਦੀ 15 ਸਾਲਾ ਹਿੰਦੂ ਵਿਦਿਆਰਥਣ ਸ਼ਨੀਲਾ ਮੇਘਵਾਰ ਨੂੰ ਬੀਤੇ ਦਿਨੀਂ ਉਸ ਦੇ ਘਰੋਂ ਜ਼ਬਰਦਸਤੀ ਚੁੱਕ ਲਿਆ ਸੀ | ਇਹ ਘਟਨਾ ਸਿੰਧ ਸੂਬੇ ਦੇ ਬਦੀਨ ਜ਼ਿਲ੍ਹੇ ਦੇ ਮਤਲੀ ਇਲਾਕੇ ਦੀ ਦੱਸੀ ਜਾ ਰਹੀ ਹੈ | ਪੀੜਤਾ ਦੇ ਚਾਚਾ ਮਜਨੂੰ ਮਹਾਰਾਜ ਅਨੁਸਾਰ ਇਲਾਕੇ ਦੇ ਹਿੰਦੂਆਂ ਅਤੇ ਸਮਾਜਿਕ ਕਾਰਕੁਨਾਂ ਵਲੋਂ ਦਬਾਅ ਪਾਉਣ 'ਤੇ ਪੁਲਿਸ ਨੇ ਐੱਫ. ਆਈ. ਆਰ. ਤਾਂ ਦਰਜ ਕੀਤੀ ਪਰ ਰਿਪੋਰਟ 'ਚ ਮੁੱਖ ਦੋਸ਼ੀ ਮਕਸੂਦ ਦਰਸ ਦਾ ਨਾਂਅ ਨਹੀਂ ਜੋੜਿਆ ਗਿਆ | ਸਿੰਧ ਦੇ ਖਿਪਰੋ ਇਲਾਕੇ 'ਚ ਵੀ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ | ਉਥੇ 14 ਸਾਲਾ ਹਿੰਦੂ ਕੁੜੀ ਕਮਲਾ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ ਅਤੇ ਬਾਅਦ 'ਚ ਉਸ ਦਾ ਵਿਆਹ ਕਰਵਾ ਦਿੱਤਾ ਗਿਆ | ਕਮਲਾ ਨੂੰ ਅਦਾਲਤ 'ਚ ਪੇਸ਼ ਕਰਨ ਦੇ ਬਾਵਜੂਦ ਅਦਾਲਤ ਨੇ ਲੜਕੀ ਨੂੰ ਉਸ ਦੇ ਕਥਿਤ ਅਗਵਾਕਾਰ ਮੁਸਲਿਮ ਨੌਜਵਾਨ ਦੇ ਹਵਾਲੇ ਕਰ ਦਿੱਤਾ | ਉਕਤ ਤੋਂ ਇਲਾਵਾ ਟੰਡੋ ਅੱਲਾ ਯਾਰ ਸ਼ਹਿਰ ਦੇ ਸੁਲਤਾਨਾਬਾਦ 'ਚ ਤਿੰਨ ਹੋਰ ਹਿੰਦੂ ਲੜਕੀਆਂ ਲਤਾ, ਮੀਨਾ ਅਤੇ ਅਨੀਤਾ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਅਤੇ ਉਨ੍ਹਾਂ ਦਾ ਜਬਰੀ ਨਿਕਾਹ ਕਰਵਾਏ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ | ਪੁਲਿਸ ਨੇ ਅਜੇ ਤਕ ਕਿਸੇ ਵੀ ਦੋਸ਼ੀ ਨੂੰ ਗਿ੍ਫ਼ਤਾਰ ਨਹੀਂ ਕੀਤਾ ਹੈ |