25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ 'ਆਪ' ਸਰਕਾਰ-ਝਿੰਜਰ <br/>

ਅਜੀਤ ਡੈਸਕ 19-07-2025
ਅਵਤਾਰ ਸਿੰਘ ਸ਼ੇਰਗਿੱਲ ਜਸਪਾਲ ਸਿੰਘ
ਜਲੰਧਰ, 18 ਜੁਲਾਈ-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸੂਬੇ ਅੰਦਰ ਲਗਾਤਾਰ ਵਧ ਰਹੇ ਨਸ਼ਿਆਂ ਅਤੇ ਗੈਂਗਸਟਰਵਾਦ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਵਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਕਾਰਨ ਨਾ ਕੇਵਲ ਸੂਬੇ ਅੰਦਰ ਨਸ਼ੇ ਕਈ ਗੁਣਾ ਵਧ ਗਏ ਹਨ, ਬਲਕਿ ਗੈਂਗਸਟਰ ਵੀ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਅੱਜ ਸੂਬੇ ਅੰਦਰ ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ ਤੇ ਲੋਕ ਡਰ ਅਤੇ ਸਹਿਮ ਦੇ ਸਾਏ ਹੇਠ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੋ ਰਹੇ ਹਨ | ਝਿੰਜਰ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਦੇ ਨਾਂਅ 'ਤੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਤਿੰਨ ਸਾਲ ਪੂਰੇ ਹੋਣ 'ਤੇ ਵੀ ਸੂਬੇ ਅੰਦਰ ਨਾ ਤਾਂ ਨਸ਼ਾ ਖਤਮ ਹੋ ਸਕਿਆ ਤੇ ਨਾ ਹੀ ਨਸ਼ਾ ਤਸਕਰ, ਬਲਕਿ ਉਲਟਾ ਨਸ਼ੇ ਇਸ ਕਦਰ ਵਧ ਗਏ ਹਨ ਕਿ ਆਏ ਦਿਨ ਮਾਂਵਾਂ ਦੇ ਜਵਾਨ ਪੁੱਤ ਮੌਤ ਦੇ ਮੂੰਹ 'ਚ ਜਾ ਰਹੇ ਹਨ | ਇਸੇ ਤਰ੍ਹਾਂ ਅਮਨ-ਕਾਨੂੰਨ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਪਹਿਲਾਂ ਕਦੇ ਕਿਤੇ ਮਾੜੀਆਂ ਮੋਟੀਆਂ ਵਾਰਦਾਤਾਂ ਹੁੰਦੀਆਂ ਸਨ ਪਰ ਹੁਣ ਤਾਂ ਪਾਣੀ ਸਿਰ ਤੋਂ ਟੱਪ ਗਿਆ ਹੈ ਤੇ ਫਿਰੌਤੀਆਂ ਅਤੇ ਧਮਕੀਆਂ ਮੰਗਣ ਦਾ ਕਾਲਾ ਦੌਰ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਗੈਂਗਸਟਰ ਚਿੱਟੇ ਦਿਨ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਰਹੇ ਹਨ ਅਤੇ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਸੂਬੇ ਅੰਦਰ ਜਿਥੇ ਵਿਦੇਸ਼ੀ ਨਿਵੇਸ਼ ਪੂਰੀ ਤਰ੍ਹਾਂ ਨਾਲ ਰੁਕ ਗਿਆ ਹੈ, ਉਥੇ ਸਨਅਤਕਾਰ ਤੇ ਵਪਾਰੀ ਵੀ ਆਪਣੇ ਕਾਰੋਬਾਰ ਛੱਡ ਕੇ ਹੋਰਨਾਂ ਰਾਜਾਂ ਨੂੰ ਹਿਜ਼ਰਤ ਕਰ ਰਹੇ ਹਨ | ਇਸੇ ਤਰ੍ਹਾਂ ਸੂਬੇ ਦੀ ਆਰਥਿਕ ਹਾਲਤ ਵੀ ਬੇਹੱਦ ਕਮਜ਼ੋਰ ਹੋ ਚੁੱਕੀ ਹੈ ਤੇ ਸਰਕਾਰ ਕਰਜ਼ਾ ਚੁੱਕ ਕੇ ਕੰਮ ਚਲਾ ਰਹੀ ਹੈ | ਇਕ ਤਰ੍ਹਾਂ ਨਾਲ ਇਸ ਸਮੇਂ ਸੂਬੇ ਦੇ ਵਿਕਾਸ ਦਾ ਪਹੀਆ ਪੂਰੀ ਤਰ੍ਹਾਂ ਨਾਲ ਰੁਕ ਗਿਆ ਹੈ ਤੇ ਬੁਨਿਆਦੀ ਢਾਂਚਾ ਵੀ ਬੁਰੀ ਤਰ੍ਹਾਂ ਨਾਲ ਚਰਮਰਾ ਗਿਆ ਹੈ | ਇਕ ਸਵਾਲ ਦੇ ਜਵਾਬ 'ਚ ਝਿੰਜਰ ਨੇ ਬੇਰੁਜ਼ਗਾਰੀ ਨੂੰ ਨਸ਼ਿਆਂ ਦਾ ਵੱਡਾ ਕਾਰਨ ਦੱਸਦੇ ਹੋਏ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ 'ਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ ਤੇ ਅੱਜ ਸੂਬੇ ਦਾ ਨੌਜਵਾਨ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਾਲ ਨਿਰਾਸ਼ ਤੇ ਹਤਾਸ਼ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਿਰਾਸ਼ਾ ਦੇ ਆਲਮ 'ਚ ਕੱਢਣ ਅਤੇ ਉਨ੍ਹਾਂ ਅੰਦਰ ਮੁੜ ਜੋਸ਼ ਤੇ ਉਤਸ਼ਾਹ ਭਰਨ ਲਈ ਯੂਥ ਅਕਾਲੀ ਦਲ ਵਲੋਂ ਜਲਦ ਹੀ ਇਕ ਮੁਹਿੰਮ ਚਲਾਈ ਜਾਵੇਗੀ ਤੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ | ਇਸ ਮੌਕੇ ਉਨ੍ਹਾਂ ਪਿਛਲੀ ਅਕਾਲੀ ਦਲ ਦੀ ਸਰਕਾਰ ਵਲੋਂ ਕਰਵਾਏ ਗਏ ਕੰਮਾਂ ਦਾ ਜ਼ਿਕਰ ਕਰਦੇ ਹੋਏ ਜਿਥੇ ਇਹ ਦਾਅਵਾ ਕੀਤਾ ਕਿ ਜਿੰਨੇ ਵਿਕਾਸ ਕੰਮ ਅਕਾਲੀ ਦਲ ਨੇ ਕਰਵਾਏ ਹਨ, ਉਹ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਕਰਵਾ ਸਕੀ, ਉਥੇ ਉਨ੍ਹਾਂ ਇਸ ਸੰਬੰਧੀ 'ਆਪ' ਸਰਕਾਰ ਨੂੰ ਇਸ ਮਾਮਲੇ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ ਹੈ | ਉਨ੍ਹਾਂ ਪਰਗਟ ਸਿੰਘ ਵਲੋਂ ਬੇਅਦਬੀ ਮਾਮਲੇ 'ਤੇ ਕੀਤੇ ਗਏ ਖੁਲਾਸੇ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਹਮੇਸ਼ਾ ਸਿੱਖ ਵਿਰੋਧੀ ਰਹੀ ਹੈ ਅਤੇ ਹੁਣ ਬੇਅਦਬੀ ਦੇ ਮਾਮਲੇ 'ਤੇ ਕੀਤੀ ਗਈ ਸਿਆਸਤ ਨਾਲ ਇਕ ਵਾਰ ਫਿਰ ਬਿੱਲੀ ਥੈਲਿਓਾ ਬਾਹਰ ਆ ਗਈ ਹੈ | ਉਨ੍ਹਾਂ ਕਿਹਾ ਕਿ ਅਸਲ 'ਚ ਕਾਂਗਰਸ ਅਤੇ 'ਆਪ' ਦੋਵਾਂ ਨੇ ਇਸ ਮੁੱਦੇ 'ਤੇ ਕੇਵਲ ਸਿਆਸਤ ਕੀਤੀ ਤੇ ਕਿਸੇ ਨੇ ਵੀ ਕੌਮ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਨਹੀਂ ਕੀਤੀ |

ਪਿਛਲੀ ਖ਼ਬਰ ਬਦਲਾਅ ਦੇ ਨਾਂਅ 'ਤੇ ਸੂਬੇ ਦੇ ਨੌਜਵਾਨਾਂ ਨੂੰ ਕੀਤਾ ਗਿਆ ਗੁੰਮਰਾਹ <br/> ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਪੁਸ਼... ਅਗਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1595.81 ਫੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।