ਰੂਪਨਗਰ/ਘਨੌਲੀ, 17 ਜੁਲਾਈ (ਸਤਨਾਮ ਸਿੰਘ ਸੱਤੀ, ਜਸਵੀਰ ਸਿੰਘ ਸੈਣੀ)-ਡੇਢ ਸਾਲ ਪਹਿਲਾਂ ਹੋਈ ਇੱਕ ਸ਼ਿਕਾਇਤ ਦੇ ਆਧਾਰ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਤੇ ਸਖ਼ਤ ਕਾਰਵਾਈ ਕਰਦਿਆਂ ਥਰਮਲ ਪਲਾਂਟ 'ਤੇ 5 ਕਰੋੜ ਦਾ ਜੁਰਮਾਨਾ ਲਗਾਉਣ ਉਪਰੰਤ ਥਰਮਲ ਪਲਾਂਟ ਦੀ ਮੈਨੇਜਮੈਂਟ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਆਪੋ-ਆਪਣੇ ਦਾਅਵਿਆਂ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ | ਥਰਮਲ ਪਲਾਂਟ ਦੇ ਮੁੱਖ ਚੀਫ਼ ਇੰਜੀਨੀਅਰ ਦਾ ਕਹਿਣਾ ਹੈ ਕਿ ਬਿਜਲੀ ਉਤਪਾਦਨ 'ਚ ਨਵੇਂ ਰਿਕਾਰਡ ਵਾਲੇ ਰੋਪੜ ਥਰਮਲ ਦੀ ਕਾਰਜਕੁਸ਼ਲਤਾ ਅਨੁਪਾਤ ਪਿਛਲੇ ਚਾਰ ਸਾਲਾਂ 'ਚ 28 ਦੇ ਮੁਕਾਬਲੇ 32 'ਤੇ ਪਹੁੰਚ ਗਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਥਰਮਲ ਪਲਾਂਟ ਦੀ ਮੁਰੰਮਤ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਹਨ ਅਤੇ ਨਵੇਂ ਉਪਕਰਣ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ ਬਲਕਿ ਥਰਮਲ ਪਲਾਂਟ ਨੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਖਪਤਕਾਰਾਂ ਦੀ ਬਿਜਲੀ ਪੂਰਤੀ ਤਸੱਲੀਬਖਸ਼ ਕੀਤੀ ਹੈ, ਜਿਸ ਕਰਕੇ ਹੁਣ ਥਰਮਲ ਪਲਾਂਟ ਵਿਰੁੱਧ ਕਿਸੇ ਸ਼ਿਕਾਇਤ ਦੀ ਤੁਕ ਨਹੀਂ ਬਣਦੀ | ਦੂਜੇ ਪਾਸੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਈ. ਗੁਰਸ਼ਰਨ ਦਾਸ ਗਰਗ ਦਾ ਦਾਅਵਾ ਹੈ ਕਿ ਮਾਰਚ 2025 'ਚ ਗਠਿਤ ਟੀਮ ਨੇ ਸੁਪਰ ਥਰਮਲ ਪਲਾਂਟ ਦੇ ਦੌਰੇ ਕਰਕੇ ਹਵਾ, ਪ੍ਰਦੂਸ਼ਣ ਅਤੇ ਪਾਣੀ ਪ੍ਰਦੂਸ਼ਣ ਦੇ ਪੈਮਾਨੇ ਤੇ ਤਿਆਰ ਰਿਪੋਰਟ ਅਨੁਸਾਰ ਫੇਲ੍ਹ ਹੋਏ ਸੈਂਪਲਾਂ ਤੇ ਕਾਰਵਾਈ ਕੀਤੀ ਹੈ, ਜਿਸ ਦੇ ਆਧਾਰ ਤੇ ਹੀ 5 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ | ਉਨ੍ਹਾਂ ਕਿਹਾ ਪ੍ਰਦੂਸ਼ਣ ਕੰਟਰੋਲ ਬੋਰਡ 2 ਅਗਸਤ 2025 ਨੂੰ ਦੁਬਾਰਾ ਫੇਰ ਥਰਮਲ ਪਲਾਂਟ ਦੀ ਏਅਰ ਕੁਆਲਿਟੀ ਦੀ ਸੈਂਪਲਿੰਗ ਕਰੇਗਾ ਜੇ ਫੇਰ ਵਾਤਾਵਰਣ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਹੋਰ ਵੀ ਸਖ਼ਤ ਫ਼ੈਸਲਾ ਲਿਆ ਜਾ ਸਕਦਾ ਹੈ | ਰੂਪਨਗਰ ਥਰਮਲ ਪਲਾਂਟ ਦੇ ਮੁੱਖ ਚੀਫ਼ ਇੰਜ: ਹਰੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਕੋਲੇ ਦਾ ਇੱਕ ਮਹੀਨੇ ਲਈ ਸਟਾਕ ਮੌਜੂਦ ਹੈ, ਜਿਸ ਕਰਕੇ ਯੂਨਿਟ ਬੰਦ ਹੋਣ ਦੀ ਸੰਭਾਵਨਾ ਹੀ ਨਹੀਂ ਹੈ | 5 ਕਰੋੜ ਦੇ ਜੁਰਮਾਨੇ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਨੂੰ ਪੱਤਰ ਲਿਖਿਆ ਜਾਵੇਗਾ | ਰੂਪਨਗਰ ਥਰਮਲ ਪਲਾਂਟ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਜੁਰਮਾਨਾ ਨਹੀਂ ਭਰਾਂਗੇ |
ਰੂਪਨਗਰ ਥਰਮਲ ਪਲਾਂਟ 'ਤੇ 5 ਕਰੋੜ ਦੇ ਜੁਰਮਾਨੇ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਥਰਮਲ ਮੈਨੇਜਮੈਂਟ ਆਹਮੋ-ਸਾਹਮਣੇ <br/>
ਅਜੀਤ ਡੈਸਕ
18-07-2025