ਜਲੰਧਰ, 16 ਜੁਲਾਈ (ਐੱਮ. ਐੱਸ. ਲੋਹੀਆ)-ਪ੍ਰਸਿੱਧ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਫੌਰਚੂਨਰ ਕਾਰ (ਪੀ.ਬੀ. 20 ਸੀ. 7100) ਸਮੇਤ ਮੁਲਜ਼ਮ ਨੂੰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਅੰਮਿ੍ਤਪਾਲ ਸਿੰਘ ਢਿੱਲੋਂ (26) ਪੁੱਤਰ ਸੁਖਵੰਤ ਸਿੰਘ ਢਿੱਲੋਂ ਵਾਸੀ ਪਿੰਡ ਦਾਸੂਪੁਰ, ਕਰਤਾਰਪੁਰ ਵਜੋਂ ਦੱਸੀ ਗਈ ਹੈ | ਮੁਲਜ਼ਮ ਅੰਮਿ੍ਤਪਾਲ ਸਿੰਘ ਢਿੱਲੋਂ ਨੂੰ ਪੁਲਿਸ ਨੇ ਅੱਜ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਮਿਤੀ 14-7-2025 ਨੂੰ ਸ਼ਾਮ ਕਰੀਬ 3:15 ਵਜੇ ਫੌਜਾ ਸਿੰਘ (114) ਪੁੱਤਰ ਮੇਹਰ ਸਿੰਘ ਵਾਸੀ ਪੱਤੀ ਉਧੋਪੁਰ ਬਿਆਸ ਪਿੰਡ, ਆਦਮਪੁਰ, ਜਲੰਧਰ ਜੋਕਿ ਘਰੋਂ ਸੈਰ ਕਰਨ ਵਾਸਤੇ ਨਿਕਲੇ ਸਨ, ਜਿਨ੍ਹਾਂ ਨੂੰ ਜੀ.ਟੀ. ਰੋਡ ਬਿਆਸ ਪਿੰਡ ਵਿਖੇ ਤੇਜ਼ ਰਫ਼ਤਾਰ, ਅਣਪਛਾਤੇ ਵਾਹਨ ਚਾਲਕ ਵਲੋਂ ਪਿੱਛਿਉਂ ਟੱਕਰ ਮਾਰੀ ਤੇ ਮੌਕੇ ਤੋਂ ਫਰਾਰ ਹੋ ਗਿਆ | ਇਸ ਹਾਦਸੇ 'ਚ ਜ਼ਖ਼ਮੀ ਹੋਏ ਫੌਜਾ ਸਿੰਘ ਨੂੰ ਸਰਪੰਚ ਦੇ ਬੇਟੇ ਬਲਰਾਜ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਇਲਾਜ ਲਈ ਤੁਰੰਤ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਫੌਜਾ ਸਿੰਘ ਦੀ ਮੌਤ ਹੋ ਗਈ | ਐਸ.ਐਸ.ਪੀ. ਵਿਰਕ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਥਾਣਾ ਆਦਮਪੁਰ ਵਿਖੇ ਗੈਰ-ਇਰਾਦਤਨ ਹੱਤਿਆ ਦਾ ਮੁਕੱਦਮਾ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐਸ.ਪੀ. (ਜਾਂਚ) ਸਰਬਜੀਤ ਰਾਏ, ਐਸ.ਪੀ. (ਸਥਾਨਕ) ਪਰਮਿੰਦਰ ਸਿੰਘ ਹੀਰ, ਡੀ.ਐਸ.ਪੀ. (ਆਦਮਪੁਰ) ਕੁਲਵੰਤ ਸਿੰਘ ਤੇ ਡੀ.ਐਸ.ਪੀ. (ਜਾਂਚ) ਇੰਦਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਥਾਣਾ ਆਦਮਪੁਰ ਦੇ ਮੁਖੀ ਹਰਦੇਵਪ੍ਰੀਤ ਸਿੰਘ ਤੇ ਸੀ.ਆਈ.ਏ. ਸਟਾਫ਼ ਮੁਖੀ ਪੁਸ਼ਪ ਬਾਲੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ | ਪੁਲਿਸ ਟੀਮਾਂ ਵਲੋਂ ਕੀਤੀ ਜਾਂਚ ਦੌਰਾਨ ਮੌਕੇ 'ਤੋਂ ਇਕ ਕਾਰ ਦੀ ਹੈੱਡਲਾਈਟ ਐਸੈਂਬਲੀ ਦੇ ਟੁਕੜੇ ਮਿਲੇ, ਜਿਸ ਦੀ ਜਾਂਚ ਕਰਨ 'ਤੇ ਉਹ ਫੌਰਚੂਨਰ ਵਾਹਨ ਦੇ ਪਾਏ ਗਏ | ਪੁਲਿਸ ਪਾਰਟੀ ਵਲੋਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ, ਤਾਂ ਪਾਇਆ ਗਿਆ ਕਿ ਇਕ ਸਫ਼ੈਦ ਰੰਗ ਦੀ ਟੋਯਟਾ ਫੋਰਚੂਨਰ, ਜਿਸਦੀ ਨੰਬਰ ਪਲੇਟ ਪੀ.ਬੀ. 20-ਸੀ. 7100 ਸੀ, ਜਿਸਦੀ ਖੱਬੀ ਹੈੱਡਲਾਈਟ ਨੁਕਸਾਨੀ ਹੋਈ ਸੀ ਤੇ ਉਹ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਸੀ | ਪੁਲਿਸ ਪਾਰਟੀ ਨੇ ਉਸ ਗੱਡੀ ਸਬੰਧੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਉਹ ਗੱਡੀ ਅਸਲ ਮਾਲਕ ਤੋਂ ਬਾਅਦ ਅੱਗੇ ਹੋਰ ਲੋਕਾਂ ਕੋਲ ਵੇਚੀ ਜਾ ਚੁੱਕੀ ਹੈ | ਪੁਲਿਸ ਪਾਰਟੀ ਨੇ ਸਾਰੀਆਂ ਕੜੀਆਂ ਨੂੰ ਆਪਸ 'ਚ ਜੋੜਦੇ ਹੋਏ ਗੱਡੀ ਤੱਕ ਪਹੁੰਚ ਕੀਤੀ ਤੇ ਉਸਨੂੰ ਕਬਜ਼ੇ 'ਚ ਲੈ ਲਿਆ ਤੇ ਮੁਲਜ਼ਮ ਅੰਮਿ੍ਤਪਾਲ ਸਿੰਘ ਢਿੱਲੋਂ ਨੂੰ ਗਿ੍ਫ਼ਤਾਰ ਕਰ ਲਿਆ | ਐਸ.ਐਸ.ਪੀ. ਵਿਰਕ ਨੇ ਜਾਣਕਾਰੀ ਦਿੱਤੀ ਕਿ ਜੇਕਰ ਕਾਰ ਚਾਲਕ ਮੌਕੇ 'ਤੇ ਫੌਜਾ ਸਿੰਘ ਨੂੰ ਮੁਢਲੀ ਸਹਾਇਤਾ ਦੇ ਕੇ ਹਸਪਤਾਲ ਦਾਖ਼ਲ ਕਰਵਾ ਦਿੰਦਾ ਤਾਂ ਉਨ੍ਹਾਂ ਦੀ ਜਾਨ ਬੱਚ ਸਕਦੀ ਸੀ |
ਪਿੱਛਲੇ ਅੱਠ ਸਾਲ ਤੋਂ ਕੈਨੇਡਾ ਵਿਖੇ ਰਹਿ ਰਿਹਾ ਸੀ ਅੰਮਿ੍ਤਪਾਲ ਸਿੰਘ ਢਿੱਲੋਂ
ਐਸ.ਐਸ.ਪੀ. ਵਿਰਕ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਅੰਮਿ੍ਤਪਾਲ ਸਿੰਘ ਢਿੱਲੋਂ ਪਿੱਛਲੇ ਅੱਠ ਸਾਲ ਤੋਂ ਵਿਦੇਸ਼ ਕੈਨੇਡਾ ਵਿਖੇ ਕੰਸ਼ਟਰੱਕਸ਼ਨ ਦਾ ਕੰਮ ਕਰਦਾ ਹੈ, ਜੋ ਕਿ ਪਾਸਪੋਰਟ ਗੁੰਮ ਹੋਣ ਕਰਕੇ ਐਮਰਜੈਂਸੀ ਸਰਟੀਫਿਕੇਟ ਰਾਹੀਂ ਮਿਤੀ 23 ਜੂਨ 2025 ਨੂੰ ਕਨੇਡਾ ਤੋਂ ਭਾਰਤ ਆਇਆ ਸੀ, ਇਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਸਦੀਆਂ ਭੈਣਾਂ ਵੀ ਵਿਦੇਸ਼ ਕੈਨੇਡਾ ਵਿਖੇ ਹੀ ਰਹਿ ਰਹੀਆਂ ਹਨ |
14 ਦੇ ਅੰਕ ਨਾਲ ਜੁੜਿਆ ਅਨੋਖਾ ਸੰਬੰਧ
ਸ. ਫੌਜਾ ਸਿੰਘ ਦਾ 14 ਦੇ ਅੰਕ ਨਾਲ ਅਨੋਖਾ ਸਬੰਧ ਸਾਹਮਣੇ ਆਇਆ ਹੈ, ਜੇਕਰ ਸਾਰੇ ਮਾਮਲੇ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਦੀ ਉਮਰ 114 ਸਾਲ, ਹਾਦਸੇ ਦੀ ਤਰੀਕ 14 ਤੇ ਇਸ ਤੋਂ ਬਾਅਦ ਜਿਹੜੀ ਐਫ਼.ਆਈ.ਆਰ. ਦਰਜ ਹੋਈ ਉਹ ਵੀ 114 ਨੰਬਰ ਸੀ | ਹੁਣ ਇਸਨੂੰ ਕੁਦਰਤ ਦਾ ਖ਼ੇਲ ਕਿਹਾ ਜਾਵੇ ਜਾਂ ਇਹ ਇਤਫ਼ਾਕਨ ਮਿਲ ਗਏ ਹਨ, ਪਰ ਲੋਕਾਂ 'ਚ ਇਸ ਦੀ ਚਰਚਾ ਜਰੂਰ ਹੋ ਰਹੀ ਹੈ |
ਮਾਮਲਾ ਪ੍ਰਸਿੱਧ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ 'ਚ ਹੋਈ ਮੌਤ ਦਾ ਹਾਦਸੇ ਦਾ ਕਾਰਨ ਬਣੀ ਕਾਰ ਬਰਾਮਦ, ਚਾਲਕ ਗਿ੍ਫ਼ਤਾਰ <br/>
ਅਜੀਤ ਡੈਸਕ
17-07-2025