ਕੋਟਕਪੂਰਾ, 6 ਨਵੰਬਰ (ਮੋਹਰ ਸਿੰਘ ਗਿੱਲ)-ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਨੌਵੀਂ ਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਨਵਦੀਪ ਕੱਕੜ ਐਸ.ਐਸ ਮਾਸਟਰ ਅਤੇ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਦੀ ਅਗਵਾਈ ਵਿਚ ਸੁਲਤਾਨਪੁਰ ਲੋਧੀ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵਿੱਦਿਅਕ ਫ਼ੇਰਾ ਲਗਾਇਆ | ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾ ਕੇ ਮੌਕੇ 'ਤੇ ਬੱਚਿਆਂ ਨੂੰ ਇਤਿਹਾਸਕ ਕਾਲੀ ਵੇਈਾ, ਗੁਰਦੁਆਰਾ ਬੇਰ ਸਾਹਿਬ ਅਤੇ ਮੋਦੀਖਾਨਾ ਦੇ ਇਤਿਹਾਸ ਅਤੇ ਗੁਰੂ ਸਾਹਿਬ ਜੀ ਦੇ ਫ਼ਲਸਫੇ ਬਾਰੇ ਜਾਣਕਾਰੀ ਦਿੱਤੀ ਗਈ | ਉਪਰੰਤ ਕਪੂਰਥਲਾ ਵਿਖੇ ਰੇਲ ਕੋਚ ਫੈਕਟਰੀ 'ਚ ਵਿਜਿਟ ਕਰਵਾਈ ਗਈ, ਜਿੱਥੇ ਬੱਚਿਆਂ ਨੂੰ ਗਾਈਡ ਦੁਆਰਾ ਰੇਲ ਗੱਡੀਆਂ ਦੇ ਡੱਬੇ ਕਿਸ ਤਰ੍ਹਾਂ ਤਿਆਰ ਹੁੰਦੇ ਹਨ, ਜਿਸ ਵਿਚ ਸਾਧਾਰਨ ਸਲੀਪਰ ਤੋਂ ਲੈ ਕੇ ਫ਼ਸਟ ਕਲਾਸ ਏ.ਸੀ ਤੱਕ ਕਿਸ ਕਿਸਮ ਦੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਬਾਰੇ ਦੱਸਿਆ ਗਿਆ | ਵਿਦਿਆਰਥਣਾਂ ਵਲੋਂ ਬਹੁਤ ਹੀ ਦਿਲਚਸਪੀ ਨਾਲ ਰੇਲਗੱਡੀ ਦੇ ਬੇਸ ਤੋਂ ਲੈ ਕੇ ਵੱਖ-ਵੱਖ ਤਕਨੀਕਾਂ ਨਾਲ ਮਾਹਿਰਾਂ ਦੁਆਰਾ ਟੈਸਟਿੰਗ ਹੋਣ ਤੋਂ ਬਾਅਦ ਰੇਲ ਡੱਬਾ ਤਿਆਰ ਹੋ ਕੇ ਫੈਕਟਰੀ ਤੋਂ ਬਾਹਰ ਨਿਕਲਣ ਤੱਕ ਦੀ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ | ਇਸ ਟੂਰ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਖੁਸ਼ਵੰਤ ਸਿੰਘ, ਚੰਦਨ ਸਿੰਘ, ਬਰਜਿੰਦਰ ਕੁਮਾਰ, ਨਰਪਿੰਦਰਜੀਤ, ਮਨੋਹਰ ਲਾਲ, ਸੁਖਪਾਲ ਸਿੰਘ, ਮੰਜਲੀ ਕੱਕੜ, ਪਰਮਜੀਤ ਕੌਰ, ਹਰਵਿੰਦਰ ਕੌਰ ਅਤੇ ਸੁਮੀਤਾ ਕੁਮਾਰੀ ਅਧਿਆਪਕਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |