ਫ਼ਰੀਦਕੋਟ, 21 ਜੁਲਾਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਰੀਦਕੋਟ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵਲੋਂ ਕੇਂਦਰੀ ਜੇਲ੍ਹ ਫ਼ਰੀਦਕੋਟ ਦਾ ਨਿਰੀਖਣ ਕੀਤਾ | ਇਸ ਮੌਕੇ ਐਸ. ਪੀ. (ਇਨਵੈਸਟੀਗੇਸ਼ਨ) ਫ਼ਰੀਦਕੋਟ ਵੀ ਮੌਜੂਦ ਸਨ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਦਫ਼ਤਰ ਡਿਪਟੀ ਕਮਿਸ਼ਨਰ ਦੀ ਰੈੱਡ ਕਰਾਸ ਸੁਸਾਇਟੀ ਵਲੋਂ 10 ਕੰਪਿਊਟਰ, 5 ਵੀਲ੍ਹ ਚੇਅਰਾਂ ਤੇ 100 ਛੱਤ ਵਾਲੇ ਪੱਖੇ ਕੇਂਦਰੀ ਜੇਲ੍ਹ ਫ਼ਰੀਦਕੋਟ ਨੂੰ ਦਿੱਤੇ ਗਏ | ਕੈਦੀਆਂ ਤੇ ਹਵਾਲਾਤੀਆਂ ਨੂੰ ਸਹੂਲਤਾਂ ਦੇ ਨਾਲ ਨਾਲ ਕਿੱਤਾ ਮੁਖੀ ਕੋਰਸਾਂ ਦਾ ਅਧਿਐਨ ਕਰਵਾਉਣ ਦੀ ਮੁਹਿੰਮ ਵੀ ਚਲਾਈ ਗਈ ਤਾਂ ਜੋ ਬੰਦੀ ਇਸ ਜੇਲ੍ਹ 'ਚੋਂ ਨਿਕਲਣ ਉਪਰੰਤ ਰੁਜ਼ਗਾਰ ਦੇ ਮੌਕੇ ਹਾਸਿਲ ਕਰ ਸਕਣ | ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਦੇ ਇਸ ਸ਼ਲਾਘਾਯੋਗ ਕਦਮ ਦੀ ਤਾਰੀਫ਼ ਕਰਦਿਆਂ ਉਕਤ ਅਫ਼ਸਰਾਂ ਦਾ ਧੰਨਵਾਦ ਕੀਤਾ | ਉਪਰੰਤ ਸੈਸ਼ਨ ਜੱਜ ਸਾਹਿਬ ਨੇ ਜੇਲ੍ਹ ਦੀਆਂ ਬੈਰਕਾਂ ਦਾ ਵਿਸ਼ੇਸ਼ ਨਿਰੀਖਣ ਕੀਤਾ ਤੇ ਬੰਦੀਆਂ ਨੂੰ ਮਿਲਣ ਵਾਲੇ ਖਾਣੇ ਦਾ ਵੀ ਨਿਰੀਖਣ ਕੀਤਾ | ਅੰਤ ਵਿਚ ਜੱਜ ਸਾਹਿਬ ਨੇ ਸਾਰੇ ਬੰਦੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਬਸਰ ਕਰਨ ਦੀ ਅਪੀਲ ਕੀਤੀ ਅਤੇ ਵਿਦਾਇਗੀ ਲਈ | ਇਸ ਮੌਕੇ ਨਿਰੀਖਣ ਦੌਰਾਨ ਚੀਫ ਜੁਡੀਸ਼ੀਅਲ ਮੈਜਿਸਟਰੇਟ ਫ਼ਰੀਦਕੋਟ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਰੀਦਕੋਟ, ਸੁਪਰਡੈਂਟ ਕੇਂਦਰੀ ਜੇਲ੍ਹ ਫ਼ਰੀਦਕੋਟ, ਐਲ. ਏ. ਡੀ. ਸੀ. ਐਸ. ਫ਼ਰੀਦਕੋਟ ਤੇ ਵਕੀਲ ਵੀ ਮੌਜੂਦ ਸਨ |