28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਗਰ ਕੌਂਸਲ 'ਚ ਹੋਈ ਮੀਟਿੰਗ ਨੂੰ ਲੈ ਕੇ ਅਗਲੀ ਸੁਣਵਾਈ 29 ਨੰੂ ਹੋਵੇਗੀ

ਅਜੀਤ ਡੈਸਕ 27-12-2025
ਰਾਜਪੁਰਾ, 26 ਦਸੰਬਰ (ਰਣਜੀਤ ਸਿੰਘ)-ਨਗਰ ਕੌਂਸਲ ਵਿਖੇ ਬੀਤੇ ਦਿਨੀਂ ਨਗਰ ਕੌਂਸਲ ਦੇ ਪ੍ਰਧਾਨ ਦੀ ਗ਼ੈਰ-ਮੌਜੂਦਗੀ ਵਿਚ ਮੌਕੇ 'ਤੇ ਚੇਅਰਪਰਸਨ ਚੁਣ ਕੇ ਹੋਈ ਮੀਟਿੰਗ ਸੰਬੰਧੀ ਰੇੜਕਾ ਜਾਰੀ ਹੈ | ਇਸ ਦੀ ਸੁਣਵਾਈ ਐੱਸ.ਡੀ.ਐੱਮ. ਕੋਲ 29 ਦਸੰਬਰ ਨੂੰ ਕੀਤੀ ਜਾਣੀ ਹੈ | ਇਸ ਮੀਟਿੰਗ ਵਿਚ ਕਈ ਮਤੇ ਪਾਸ ਕੀਤੇ ਗਏ ਸਨ, ਜਿਨ੍ਹਾਂ ਨੂੰ ਲੈ ਕੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰ ਪਹਿਲਾਂ ਹੀ ਇਤਰਾਜ਼ ਕਰ ਚੁੱਕੇ ਹਨ | ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਐੱਸ.ਡੀ.ਐੱਮ. ਅਦਾਲਤ ਦਾ ਕੀ ਰੁਖ਼ ਹੁੰਦਾ ਹੈ | ਜਾਣਕਾਰੀ ਮੁਤਾਬਿਕ ਲੰਘੀ 31 ਅਕਤੂਬਰ ਨੂੰ ਨਗਰ ਕੌਂਸਲ ਵਿਚ ਵੱਖ-ਵੱਖ ਸਮੇਂ 'ਤੇ ਦੋ ਮੀਟਿੰਗਾਂ ਕੀਤੀਆਂ ਜਾਣੀਆਂ ਸਨ | ਇਸ ਮੁਤਾਬਿਕ ਪਹਿਲੀ ਮੀਟਿੰਗ ਕਰੀਬ ਸ਼ਾਮ ਸਾਢੇ ਤਿੰਨ ਵਜੇ ਹੋਣੀ ਤੈਅ ਸੀ ਜਦ ਕਿ ਦੂਜੀ ਮੀਟਿੰਗ ਸਾਢੇ ਚਾਰ ਵਜੇ ਹੋਣੀ ਸੀ | ਇਸ ਦੌਰਾਨ ਕਾਂਗਰਸੀ ਪਾਰਟੀ ਨਾਲ ਸੰਬੰਧਿਤ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਸਮੇਤ ਹੋਰਨਾਂ ਕੌਂਸਲਰਾਂ ਨੇ ਦੋਸ਼ ਲਾਇਆ ਸੀ ਕਿ ਇਸ ਵਿਚ ਪੁਲਿਸ ਪ੍ਰਸ਼ਾਸਨ ਦੀ ਕਾਫ਼ੀ ਜ਼ਿਆਦਾ ਕਥਿਤ ਦਖ਼ਲ-ਅੰਦਾਜ਼ੀ ਹੋਈ ਸੀ | ਇਸ ਗੱਲ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਸੀ ਅਤੇ ਇਸ ਦੇ ਚਲਦੇ ਕਾਂਗਰਸੀ ਕੌਂਸਲਰਾਂ ਨੇ ਮੀਟਿੰਗ ਤੋਂ ਦੂਰੀ ਬਣਾ ਲਈ ਸੀ | ਇਸ ਤੋਂ ਬਾਅਦ ਨਗਰ ਕੌਂਸਲ ਵਿਚ ਹਾਜ਼ਰ 13 ਦੇ ਕਰੀਬ ਕੌਂਸਲਰ ਸ੍ਰੀਮਤੀ ਅਲਕਾ ਡਾਹਰਾ ਨੂੰ ਚੇਅਰਪਰਸਨ ਚੁਣ ਕੇ ਮੀਟਿੰਗ ਕੀਤੀ ਗਈ ਸੀ | ਇਸ ਮੀਟਿੰਗ ਵਿਚ ਕਰੀਬ-ਕਰੀਬ ਸਾਰੇ ਮਤੇ ਪਾਸ ਕਰ ਦਿੱਤੇ ਗਏ ਸਨ | ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਕਾਂਗਰਸੀ ਅਤੇ ਸੱਤਾਧਾਰੀ ਧਿਰ ਦੇ ਵੱਖ-ਵੱਖ ਤਰਕ ਸਾਹਮਣੇ ਆਏ ਸਨ | ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਬਾਕੀ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਕਾਨੂੰਨ ਮੁਤਾਬਿਕ ਸਹੀ ਨਹੀਂ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਨਗਰ ਕੌਂਸਲ ਵਿਚ ਪੁਲਿਸ ਪ੍ਰਸ਼ਾਸਨ ਦੀ ਕਥਿਤ ਦਖ਼ਲਅੰਦਾਜ਼ੀ ਹੋਈ ਹੋਵੇ | ਇਸ ਲਈ ਨਰਿੰਦਰ ਸ਼ਾਸ਼ਤਰੀ ਨੇ ਮੀਟਿੰਗ ਮੁਲਤਵੀ ਕਰਨ ਲਈ ਕਾਰਜਸਾਧਕ ਅਫ਼ਸਰ ਨੂੰ ਕਹਿ ਦਿਤਾ ਸੀ, ਇਸ ਤੋਂ ਬਾਅਦ ਮੀਟਿੰਗ ਹੋਈ ਸੀ, ਪਰ ਜਦੋਂ ਸੱਤਾਧਾਰੀ ਧਿਰ ਨੇ ਮੀਟਿੰਗ ਕਰ ਲਈ ਸੀ ਤਾਂ ਨਰਿੰਦਰ ਸ਼ਾਸ਼ਤਰੀ ਅਤੇ ਹੋਰਨਾਂ ਕੌਂਸਲਰਾਂ ਨੇ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਰ ਦਿੱਤੀ ਸੀ | ਜਦਕਿ ਸੱਤਾਧਾਰੀ ਧਿਰ ਦਾ ਕਹਿਣਾ ਹੈ ਕਿ ਉਹ ਨਗਰ ਕੌਂਸਲ ਦੇ ਪ੍ਰਧਾਨ ਦੀ ਗੈਰ-ਮੌਜੂਦਗੀ ਵਿਚ ਚੁਣੇ ਹੋਏ ਕੌਂਸਲਰਾਂ ਵਿਚੋਂ ਚੇਅਰਪਰਸਨ ਚੁਣ ਕੇ ਮੀਟਿੰਗ ਕਰ ਸਕਦੇ ਹਨ | ਉਨ੍ਹਾਂ ਨੇ ਤਰਕ ਦਿਤਾ ਸੀ ਕਿ ਇਹ ਕਾਨੂੰਨ ਮੁਤਾਬਿਕ ਸਹੀ ਹੈ | ਇਸ ਕਾਨੂੰਨੀ ਅਤੇ ਗੈਰਕਾਨੂੰਨੀ ਦੇ ਮੰਝਧਾਰ ਵਿਚ ਫਸੀ ਹੋਈ ਮੀਟਿੰਗ ਨੂੰ ਲੈ ਕੇ ਐੱਸ.ਡੀ.ਐੱਮ. ਰਾਜਪੁਰਾ ਕੋਲ 29 ਦਸੰਬਰ ਨੂੰ ਸੁਣਵਾਈ ਹੋਣੀ ਹੈ |
ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸੁਣਵਾਈ 29 ਦਸੰਬਰ ਨੂੰ ਐੱਸ.ਡੀ.ਐੱਮ. ਕੋਲ ਹੋਈ ਹੈ | ਇਸ ਸੰਬੰਧੀ ਸੰਪਰਕ ਕਰਨ 'ਤੇ ਐੱਸ.ਡੀ.ਐੱਮ. ਸ੍ਰੀ ਨਮਨ ਮੜਕਣ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਦੀ ਇਨਕੁਆਰੀ ਆਈ ਹੋਈ ਹੈ ਇਸ ਸੰਬੰਧੀ ਕਾਨੂੰਨ ਮੁਤਾਬਿਕ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਸ਼ਾਸਤਰੀ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਅਦਾਰਿਆਂ ਦੀ ਭੂਮਿਕਾ ਅਹਿਮ- ਡਾ. ਜਗਦੀਪ ਸਿੰਘ ਅਗਲੀ ਖ਼ਬਰ ਜੱਜ ਮਾਡਰਨ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।