ਪਟਿਆਲਾ, 20 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ | ਇਹ ਸਮਾਗਮ ਅਧਿਆਪਕਾਂ, ਕਰਮਚਾਰੀਆਂ, ਖੋਜਾਰਥੀਆਂ ਤੇ ਵਿਦਿਆਰਥੀਆਂ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਜਾਂਦਾ ਹੈ ਜਿਸ ਵਿਚ ਵਰਤਾਇਆ ਜਾਣ ਵਾਲਾ ਲੰਗਰ ਵਿਭਾਗ ਦੇ ਅਧਿਆਪਕ, ਕਰਮਚਾਰੀ, ਖੋਜਾਰਥੀ ਤੇ ਵਿਦਿਆਰਥੀ ਸਾਰੇ ਆਪਣੇ-ਆਪਣੇ ਘਰ ਤੋਂ ਬਣਾ ਕੇ ਲਿਆਉਂਦੇ ਹਨ | ਇਸੇ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਵਾਰ ਵੀ ਸਭ ਤੋਂ ਪਹਿਲਾਂ ਸ੍ਰੀ ਜਪੁ ਜੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ | ਫਿਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ | ਅਰਦਾਸ ਉਪਰੰਤ ਸਮਾਗਮ ਦੀ ਸਮਾਪਤੀ ਤੋਂ ਬਾਅਦ ਪੰਗਤਾਂ 'ਚ ਬਿਠਾ ਕੇ ਆਈ ਹੋਈ ਸੰਗਤ ਨੂੰ ਲੰਗਰ ਛਕਾਇਆ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਸਾਨੂੰ ਅਜਿਹੀ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੀ ਸਿੱਖਿਆ ਤੇ ਬਾਣੀ ਦੀ ਸੇਧ ਅਨੁਸਾਰ ਜੀਵਨ ਜਿਊਣਾ ਚਾਹੀਦਾ ਹੈ | ਵਿਭਾਗ ਮੁਖੀ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਸ ਪ੍ਰੰਪਰਾ ਨੂੰ ਕਾਇਮ ਰੱਖਿਆ ਜਾਵੇਗਾ |