ਪਟਿਆਲਾ, 19 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਗੁਰੂ ਰਵਿਦਾਸ ਚੇਅਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਸ਼ਣ ਕਰਵਾਇਆ ਗਿਆ | 'ਗੁਰੂ ਰਵਿਦਾਸ ਦੀ ਬਾਣੀ ਵਿਚ ਮਨੁੱਖੀ ਅਧਿਕਾਰ' ਵਿਸ਼ੇ 'ਤੇ ਇਹ ਭਾਸ਼ਣ ਡਾ. ਜਗਰੂਪ ਕੌਰ ਸਾਬਕਾ ਡੀਨ, ਸੋਸ਼ਲ ਸਾਇੰਸਜ਼, ਪੰਜਾਬੀ ਯੂਨੀਵਰਸਿਟੀ ਨੇ ਦਿੱਤਾ | ਇਸ ਮੌਕੇ ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਵਾਗਤੀ ਭਾਸ਼ਣ ਵਿਭਾਗ ਮੁਖੀ ਅਤੇ ਚੇਅਰ ਦੇ ਇੰਚਾਰਜ ਡਾ. ਤੇਜਿੰਦਰ ਕੌਰ ਧਾਲੀਵਾਲ ਵਲੋਂ ਦਿੱਤਾ ਗਿਆ | ਡਾ. ਜਸਵਿੰਦਰ ਸਿੰਘ ਬਰਾੜ ਵਲੋਂ ਆਪਣੇ ਭਾਸ਼ਣ 'ਚ ਗੁਰੂ ਰਵਿਦਾਸ ਦੀ ਬਾਣੀ 'ਚ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਦੀ ਮਹੱਤਤਾ 'ਤੇ ਚਾਨਣਾ ਪਾਇਆ ਗਿਆ | ਡਾ. ਜਗਰੂਪ ਕੌਰ ਵਲੋਂ ਆਪਣੇ ਭਾਸ਼ਣ ਰਾਹੀਂ ਗੁਰੂ ਰਵਿਦਾਸ ਦੀ ਬਾਣੀ ਨਾਲ ਮਨੁੱਖੀ ਅਧਿਕਾਰਾਂ ਦਾ ਵਿਸ਼ੇਸ਼ ਸੰਬੰਧ ਦਰਸਾਇਆ ਗਿਆ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਕੇਵਲ ਇਕ ਨਾਮ ਨਹੀਂ ਸਨ, ਸਗੋਂ ਇਕ ਸੋਚ ਸਨ | ਉਹ ਇਕ ਕਰਮ ਜੋਗੀ ਸਨ, ਜਿਨ੍ਹਾਂ ਨੇ ਜਾਤ ਪਾਤ ਦਾ ਵਿਰੋਧ ਕੀਤਾ | ਹੋਰਨਾਂ ਬੁਲਾਰਿਆਂ 'ਚੋਂ ਡਾ. ਗੁਰਮੇਲ ਸਿੰਘ ਨੇ ਮਨੁੱਖੀ ਅਧਿਕਾਰਾਂ ਸੰਬੰਧੀ ਚੇਅਰ ਵਲੋਂ ਇਕ ਪ੍ਰੋਜੈਕਟ ਕਰਵਾਉਣ ਦਾ ਵੀ ਸੁਝਾਅ ਦਿੱਤਾ | ਇਸ ਮੌਕੇ ਧੰਨਵਾਦ ਕਰਦਿਆਂ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਰਵਿਦਾਸ ਦੀ ਬਾਣੀ ਦੀ ਸੁੱਧਤਾ ਨੂੰ ਕਾਇਮ ਰੱਖਿਆ ਜਾਣਾ ਜ਼ਰੂਰੀ ਹੈ | ਇਸ ਪ੍ਰੋਗਰਾਮ 'ਚ ਵੱਖ-ਵੱਖ ਵਿਭਾਗਾਂ ਤੋਂ ਡਾ. ਮਲਕਿੰਦਰ ਕੌਰ, ਡਾ. ਜਸਪ੍ਰੀਤ ਕੌਰ ਸੰਧੂ, ਡਾ. ਪਰਮਵੀਰ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਅਬਨੀਸ਼ ਕੌਰ ਅਤੇ ਵੱਡੀ ਗਿਣਤੀ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ |