ਪਟਿਆਲਾ, 19 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀ ਅੱਜ ਹੋਈ ਅਹਿਮ ਐਫ ਐਂਡ. ਸੀ.ਸੀ. ਦੀ ਮੀਟਿੰਗ ਵਿਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ 4 ਕਰੋੜ 70 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ | ਪਾਸ ਬਜਟ ਮੁਤਾਬਿਕ ਸ਼ਹਿਰ 'ਚ ਚਾਰ ਦਰਜਨ ਤੋਂ ਵੱਧ ਮੁੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਨ੍ਹਾਂ 'ਚ ਵਾਰਡ 1, 2, 3, 5 ਅਤੇ 7 'ਚ ਸੜਕਾਂ ਦੇ ਨਿਰਮਾਣ ਲਈ ਲੱਖਾਂ ਰੁਪਏ ਜਾਰੀ ਕੀਤੇ ਗਏ | ਵਾਰਡ 24 ਅਤੇ 26 'ਚ ਡਰੇਨੇਜ, ਪਾਣੀ ਸਪਲਾਈ ਅਤੇ ਸੈਨੀਟੇਸ਼ਨ ਨਾਲ ਸੰਬੰਧਿਤ ਕਈ ਪੈਂਡਿੰਗ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਮਿਲੀ | ਇਸ ਦੇ ਨਾਲ ਵਾਰਡ 44, 48, 55 ਅਤੇ 60 'ਚ ਸੜਕਾਂ, ਸਟਰੀਟ ਲਾਈਟਾਂ ਅਤੇ ਨਵੀਆਂ ਲਾਈਨਾਂ ਦੇ ਕੰਮਾਂ ਲਈ ਰਕਮ ਰਿਲੀਜ਼ ਕੀਤੀ ਗਈ | ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਜਨਤਾ ਦੇ ਟੈਕਸ ਦਾ ਹਰ ਪੈਸਾ ਜਨਤਾ ਦੀ ਭਲਾਈ 'ਤੇ ਹੀ ਖ਼ਰਚ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕਰਨੀ ਲਾਜ਼ਮੀ ਸੀ | ਇਸ ਲਈ ਬਜਟ ਨੂੰ ਤੁਰੰਤ ਮਨਜ਼ੂਰੀ ਦੇ ਕੇ ਨਵੰਬਰ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਕਮਿਸ਼ਨਰ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਸਾਰੇ ਕੰਮਾਂ ਨੂੰ ਮਿਆਰ ਅਨੁਸਾਰ ਅਤੇ ਸਮੇਂ ਸਿਰ ਪੂਰਾ ਕੀਤਾ ਜਾਵੇ, ਨਹੀਂ ਤਾਂ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ | ਕਮਿਸ਼ਨਰ ਪਰਮਜੀਤ ਨੇ ਕਿਹਾ ਕਿ ਨਗਰ ਨਿਗਮ ਵਲੋਂ ਕੌਂਸਲਰਾਂ ਨੂੰ ਟੈਬ ਮੁਹੱਈਆ ਕਰਨ ਦਾ ਫ਼ੈਸਲਾ ਸ਼ਹਿਰੀ ਪ੍ਰਸ਼ਾਸਨ ਦੇ ਕੰਮਕਾਜ ਨੂੰ ਡਿਜੀਟਲ ਅਤੇ ਪਾਰਦਰਸ਼ੀ ਬਣਾਉਣ ਵੱਲ ਵੱਡਾ ਕਦਮ ਹੋਵੇਗਾ | ਟੈਬ ਨਾਲ ਕੌਂਸਲਰ ਮੀਟਿੰਗ ਅਜੰਡੇ, ਫਾਈਲਾਂ, ਬਿੱਲਾਂ ਅਤੇ ਪ੍ਰੋਜੈਕਟ ਰਿਪੋਰਟਾਂ ਨੂੰ ਤੁਰੰਤ ਦੇਖ ਸਕਣਗੇ, ਜਿਸ ਨਾਲ ਕਾਗ਼ਜ਼ੀ ਕਾਰਵਾਈ ਘਟੇਗੀ ਅਤੇ ਸਮਾਂ ਬਚੇਗਾ | ਵਿਕਾਸ ਕਾਰਜਾਂ ਦੀ ਨਿਗਰਾਨੀ ਵੀ ਔਖੀ ਨਹੀਂ ਰਹੇਗੀ ਕਿਉਂਕਿ ਸਾਈਟ ਦੇ ਫ਼ੋਟੋ, ਵੀਡੀਓ ਅਤੇ ਰਿਪੋਰਟ ਤੁਰੰਤ ਅਪਲੋਡ ਕੀਤੇ ਜਾ ਸਕਣਗੇ | ਇਸ ਡਿਜੀਟਲ ਪ੍ਰਣਾਲੀ ਨਾਲ ਫ਼ੈਸਲੇ ਲੈਣ ਦੀ ਗਤੀ ਤੇ ਕੰਮ ਦੀ ਕੁਸ਼ਲਤਾ ਵਧਣ ਦੀ ਉਮੀਦ ਹੈ | ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਸਹਾਇਕ ਕਮਿਸ਼ਨਰ ਰਵਦੀਪ ਸਿੰਘ, ਨਿਗਰਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ, ਨਿਗਰਾਨ ਇੰਜੀਨੀਅਰ ਰਾਜਿੰਦਰ ਚੋਪੜਾ, ਸੁਪਰਡੈਂਟ ਸੰਜੀਵ ਗਰਗ, ਕਿ੍ਸ਼ਨ ਕੁਮਾਰ ਪੀ.ਏ. ਕਮਿਸ਼ਨਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |